ਪੱਤਰਕਾਰ ਖ਼ੁਦਕੁਸ਼ੀ ਮਾਮਲੇ ''ਚ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

01/23/2023 6:24:10 PM

ਪਟਿਆਲਾ (ਜੋਸ਼ਨ) : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੂੰ ਜ਼ਮਾਨਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗਾ ਦਿੱਤੀ ਹੈ। ਕੁੱਝ ਸਮਾਂ ਪਹਿਲਾਂ ਰਾਜਪੁਰਾ ਵਿਖੇ ਹੀ ਇੱਕ ਪੱਤਰਕਾਰ ਵੱਲੋਂ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਉਨ੍ਹਾਂ 'ਤੇ ਸਿਆਸੀ ਰੰਜਿਸ਼ ਤਹਿਤ ਕੇਸ ਰਜਿਸਟਰਡ ਕਰਵਾ ਦਿੱਤਾ ਗਿਆ ਸੀ। ਮਾਣਯੋਗ ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਆਖਿਆ ਹੈ ਕਿ ਹਰਦਿਆਲ ਸਿੰਘ ਕੰਬੋਜ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤੇ ਉਹ ਦੋ ਹਫ਼ਤੇ ਵਿੱਚ ਆਪਣੇ ਸਹੂਲਤ ਅਨੁਸਾਰ ਇਨਵੈਸਟੀਗੇਸ਼ਨ ਅਫ਼ਸਰ ਕੋਲ ਇਨਵੈਸਟੀਗੇਸ਼ਨ ਜੁਆਇਨ ਕਰਨਗੇ। ਹਾਈਕੋਰਟ ਨੇ ਪੁਲਸ ਵੱਲੋਂ ਦਰਜ ਕੀਤੇ ਇਸ ਕੇਸ ਵਿੱਚ ਕੋਈ ਬਹੁਤਾ ਵਜਨ ਨਹੀਂ ਸਮਝਿਆ ਕਿਉਂਕਿ ਖ਼ੁਦਕੁਸ਼ੀ ਕਰਨ ਵਾਲੇ ਨੇ 40 ਮਹੀਨੇ ਪਹਿਲਾਂ ਦਾ ਵਾਕਿਆ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਦੱਸਿਆ ਸੀ। ਮਾਣਯੋਗ ਹਾਈਕੋਰਟ ਤੋਂ ਜ਼ਮਾਨਤ ਮਿਲਣ ਨਾਲ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਮਰੱਥਕਾਂ ਨੂੰ ਵੱਡੀ ਰਾਹਤ ਮਿਲੀ ਹੈ। 

ਇਹ ਵੀ ਪੜ੍ਹੋ- ਇੰਗਲੈਂਡ-ਕੈਨੇਡਾ 'ਚ ਪੜ੍ਹਾਈ ਕਰਨਾ ਸੌਖਾ ਨਹੀਂ, ਪੰਜਾਬੀਆਂ ਨੂੰ 5 ਵੱਡੀਆਂ ਚੁਣੌਤੀਆਂ ਦਾ ਕਰਨਾ ਪੈਂਦਾ ਸਾਹਮਣਾ

ਇਸ ਮੌਕੇ ਗੱਲਬਾਤ ਕਰਦਿਆਂ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਉਨ੍ਹਾਂ ਨੂੰ ਮਾਣਯੋਗ ਹਾਈਕੋਰਟ 'ਤੇ ਅਤੇ ਉਸ ਪਰਮਾਤਮਾ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਆਖਿਆ ਕਿ ਸੱਚ ਨੇ ਸੱਚ ਹੀ ਰਹਿਣਾ ਹੈ ਅਸੀਂ ਪਹਿਲੇ ਦਿਨ ਤੋਂ ਇਹ ਹਾਲ ਦੁਹਾਈ ਪਾ ਰਹੇ ਹਾਂ ਕਿ ਇਹ ਕੇਸ ਗ਼ਲਤ ਦਰਜ ਕੀਤਾ ਗਿਆ ਹੈ।  ਉਧਰੋਂ ਹਰਦਿਆਲ ਸਿੰਘ ਕੰਬੋਜ ਵੱਲੋਂ ਪੇਸ਼ ਹੋਈ ਐਡਵੋਕੇਟ ਦੀ ਟੀਮ ਦੇ ਸੀਨੀਅਰ ਮੈਂਬਰ ਦਾ ਕਹਿਣਾ ਹੈ ਕਿ ਮਾਣਯੋਗ ਹਾਈਕੋਰਟ ਨੇ ਇਸ ਗੱਲ ਨੂੰ ਬੇਹਦ ਗੰਭੀਰਤਾ ਨਾਲ ਲਿਆ ਕਿ ਇਸ ਕੇਸ ਵਿੱਚੋਂ ਸਿਆਸੀ ਬਦਬੂ ਆਉਂਦੀ ਹੈ। ਉਨ੍ਹਾਂ ਆਖਿਆ ਕਿ ਖ਼ੁਦਕੁਸ਼ੀ ਕਰਨ ਵਾਲੇ ਦਾ ਹਰਦਿਆਲ ਸਿੰਘ ਕੰਬੋਜ ਨਾਲ ਕੋਈ ਵੀ ਸਿੱਧਾ ਸਬੰਧ ਨਹੀਂ ਸੀ ਪਰ ਫਿਰ ਵੀ ਅਜਿਹਾ ਕੇਸ ਦਰਜ ਕਰਨਾ ਮੰਦਭਾਗੀ ਘਟਨਾ ਹੈ। ਐਡਵੋਕੇਟ ਨੇ ਆਖਿਆ ਕਿ ਮਾਣਯੋਗ ਹਾਈਕੋਰਟ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਿਆਂ ਇਹ ਹੁਕਮ ਸੁਣਾਏ ਹਨ।

ਇਹ ਵੀ ਪੜ੍ਹੋ- ਸਰਹੱਦ ਪਾਰ: ਸ਼ੱਕ ਨੇ ਉਜਾੜਿਆ ਪਰਿਵਾਰ, ਪਤਨੀ ਤੇ ਮਾਸੂਮ ਧੀ ਦੇ ਕਤਲ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਖ਼ੁਦਕੁਸ਼ੀ ਕਰਨ ਵਾਲੇ 'ਤੇ ਪਹਿਲਾਂ ਹੀ ਹਨ 10 ਦੇ ਕਰੀਬ ਪਰਚੇ ਦਰਜ

ਰਾਜਪੁਰਾ ਵਿਖੇ ਖੁਦਕੁਸ਼ੀ ਕਰਨ ਵਾਲੇ ਇੱਕ ਯੂ-ਟਿਊਬ ਦੇ ਪੱਤਰਕਾਰ 'ਤੇ ਪਹਿਲਾਂ ਵੀ ਪਿਛਲੇ ਸਾਲਾਂ ਵਿੱਚ ਇਕ ਦਰਜਨ ਦੇ ਕਰੀਬ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਕਈ ਕੇਸ ਬਲੈਕਮੇਲਿੰਗ ਦੇ ਦਰਜ ਹਨ। ਇਹ ਬਕਾਇਦਾ ਤੌਰ 'ਤੇ ਪੁਲਸ ਰਿਕਾਰਡ ਵਿੱਚ ਹਨ। ਇੱਥੋਂ ਤੱਕ ਕਿ ਜਲੰਧਰ ਅੰਬਾਲਾ ਵਿਖੇ ਵੀ ਦੋ ਕੇਸ ਦਰਜ ਹੋਏ ਪਏ ਹਨ ਤੇ ਘੱਟੋ-ਘੱਟ 8 ਤੋਂ ਵੱਧ ਕੇਸ ਰਾਜਪੁਰਾ ਵਿਖੇ ਦਰਜ ਕੀਤੇ ਹੋਏ ਹਨ। ਐਡਵੋਕੇਟ ਦੀ ਟੀਮ ਨੇ ਇਹ ਗੱਲ ਵੀ ਮਾਣਯੋਗ ਹਾਈਕੋਰਟ ਦੇ ਸਾਹਮਣੇ ਲਿਆਂਦੀ ਹੈ। ਕੁੱਝ ਦਿਨ ਪਹਿਲਾਂ ਪਟਿਆਲਾ ਵਿਖੇ ਵੀ ਇੱਕ ਅਜਿਹਾ ਹੀ ਕੇਸ ਹੋਇਆ ਸੀ ਕਿ ਖ਼ੁਦਕੁਸ਼ੀ ਕਰਨ ਵਾਲੇ ਨੇ ਸਿੱਧੇ ਤੌਰ 'ਤੇ ਤਿੰਨ ਪੁਲਸ ਅਧਿਕਾਰੀਆਂ ਦਾ ਨਾਮ ਲਿਆ ਸੀ ਤੇ ਬਕਾਇਦਾ ਵੀਡਿਓ ਸ਼ੇਅਰ ਕੀਤੀ ਸੀ ਪਰ ਪਟਿਆਲਾ ਪੁਲਸ ਨੇ ਉਸ ਸਮੇਂ ਇਹ ਆਖਿਆ ਸੀ ਕਿ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ 'ਤੇ ਇੱਕ ਦਰਜਨ ਕੇਸ ਦਰਜ ਹਨ। ਇਸ ਲਈ ਅਫ਼ਸਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਸਕਦੀ ਪਰ ਹਰਦਿਆਲ ਸਿੰਘ ਕੰਬੋਜ ਦੇ ਕੇਸ ਵਿੱਚ ਬਿਲਕੁੱਲ ਉਲਟ ਕੀਤਾ ਗਿਆ, ਜਿਸ ਕਾਰਨ ਸਭ ਧਿਰਾਂ ਹੈਰਾਨ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News