ਮਾਮਲਾ 2 ਧੜਿਆਂ ''ਚ ਹੋਈ ਖੂਨੀ ਝੜਪ ਦਾ, ''ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪੁਲਸ ਨਹੀਂ ਕਰ ਰਹੀ ਕਾਰਵਾਈ''

10/31/2017 10:52:22 AM

ਝਬਾਲ (ਨਰਿੰਦਰ, ਲਾਲੂਘੁੰਮਣ) - 4 ਮਹੀਨੇ ਪਹਿਲਾਂ ਕਸਬੇ 'ਚ ਹੋਈ 2 ਮਜ਼ਦੂਰ ਗਰੁੱਪਾਂ 'ਚ ਖੂਨੀ ਝੜਪ ਦੇ ਮਾਮਲੇ 'ਚ ਇਕ ਧਿਰ ਦੇ ਅਵਤਾਰ ਸਿੰਘ ਵੱਲੋਂ ਇਨਸਾਫ ਲੈਣ ਲਈ ਹਾਈ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ ਦਾ ਹਵਾਲਾ ਦਿੰਦਿਆਂ ਪੱਤਰਕਾਰ ਸੰਮੇਲਨ 'ਚ ਦੱਸਿਆ ਗਿਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਜ਼ਿਲਾ ਪੁਲਸ ਵੱਲੋਂ ਕਥਿਤ ਦੋਸ਼ੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਧਰ ਦੂਜੀ ਧਿਰ ਦੇ ਪ੍ਰਕਾਸ਼ ਸਿੰਘ ਉਰਫ ਪਾਸ਼ਾ ਪ੍ਰਧਾਨ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਪੰਜਾਬ ਦਾ ਕਹਿਣਾ ਹੈ ਕਿ ਅਵਤਾਰ ਸਿੰਘ ਵੱਲੋਂ ਉਨ੍ਹਾਂ 'ਤੇ ਲਾਏ ਜਾ ਰਹੇ ਦੋਸ਼ ਝੂਠੇ ਹਨ ਕਿਉਂਕਿ ਅਵਤਾਰ ਸਿੰਘ ਦੇ ਧੜੇ ਵੱਲੋਂ ਉਨ੍ਹਾਂ ਦੇ ਕਾਰਕੁੰਨਾਂ ਉਪਰ ਜਾਨੀ ਹਮਲਾ ਕਰ ਕੇ ਸੱਟਾਂ ਮਾਰੀਆਂ ਗਈਆਂ ਸਨ, ਜਿਸ ਸਬੰਧੀ ਥਾਣਾ ਝਬਾਲ ਵਿਖੇ ਇਸ ਮਾਮਲੇ ਨੂੰ ਖਤਮ ਕਰਦਿਆਂ ਦੋਵਾਂ ਗਰੁੱਪਾਂ 'ਚ ਰਾਜ਼ੀਨਾਮਾ ਵੀ ਹੋ ਗਿਆ ਸੀ। 
ਜਾਣਕਾਰੀ ਦਿੰਦਿਆਂ ਇਕ ਧਿਰ ਦੇ ਅਵਤਾਰ ਸਿੰਘ ਨੇ ਦੱਸਿਆ ਕਿ 4 ਅਪ੍ਰੈਲ 2017 ਨੂੰ ਜਦੋਂ ਉਸ ਸਮੇਤ ਉਸ ਦੇ ਮਜ਼ਦੂਰ ਸਾਥੀ ਭੁਜੜਾਂ ਵਾਲਾ ਗੋਦਾਮ 'ਚ ਕਣਕ ਦੀ ਚੁਕਾਈ ਦੇ ਕੰਮ ਲਈ ਸਥਾਨਕ ਇਕ ਧਰਮ ਕੰਡੇ 'ਤੇ ਇਕੱਠੇ ਹੋ ਰਹੇ ਸਨ ਤਾਂ ਪ੍ਰਕਾਸ਼ ਸਿੰਘ ਪਾਸ਼ਾ ਅਤੇ ਨਿਰਮਲ ਸਿੰਘ ਮੱਝੂਪੁਰ ਧੜੇ ਦੇ ਦਰਜਨਾਂ ਹਥਿਆਰਬੰਦ ਲੋਕਾਂ ਵੱਲੋਂ ਉਨ੍ਹਾਂ 'ਤੇ ਹਮਲਾ ਕਰ ਕੇ ਉਸ ਸਮੇਤ 6 ਸਾਥੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ ਗਿਆ ਸੀ, ਜਿਸ ਸਬੰਧੀ ਸਥਾਨਕ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਅਦ ਵੀ ਉਕਤ ਲੋਕਾਂ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਰ ਕੇ ਉਸ ਵੱਲੋਂ ਪੁਲਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਢਣ ਤੋਂ ਬਾਅਦ ਅਖੀਰ 9 ਅਕਤੂਬਰ ਨੂੰ ਮਾਣਯੋਗ ਹਾਈ ਕੋਰਟ ਦੀ ਸ਼ਰਨ ਲਈ ਗਈ ਤੇ ਆਪਣੇ ਵਕੀਲ ਗੌਰਵ ਚੋਪੜਾ ਰਾਹੀਂ ਇਨ੍ਹਾਂ ਲੋਕਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ। ਹਾਈ ਕੋਰਟ ਵੱਲੋਂ 12 ਅਕਤੂਬਰ ਨੂੰ ਫੈਸਲਾ ਦਿੰਦਿਆਂ ਐੱਸ. ਐੱਸ. ਪੀ. ਤਰਨਤਾਰਨ ਨੂੰ ਆਦੇਸ਼ ਦਿੱਤੇ ਗਏ ਕਿ ਕਥਿਤ ਲੋਕਾਂ ਵਿਰੋਧ ਤੁਰੰਤ ਕਾਰਵਾਈ ਕੀਤੀ ਜਾਵੇ ਪਰ ਬਾਵਜੂਦ ਇਸ ਦੇ ਸਿਆਸੀ ਜ਼ੋਰ ਕਾਰਨ ਪੁਲਸ ਵੱਲੋਂ ਕਥਿਤ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਦੂਜੀ ਧਿਰ ਦੇ ਪ੍ਰਕਾਸ਼ ਸਿੰਘ ਪਾਸ਼ਾ, ਨਿਰਮਲ ਸਿੰਘ ਮੱਝੂਪੁਰ ਆਦਿ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਦੋਸ਼ ਬੇਬੁਨਿਆਦ ਹਨ ਕਿਉਂਕਿ ਹਮਲਾ ਉਨ੍ਹਾਂ ਨੇ ਨਹੀਂ ਅਵਤਾਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਉਨ੍ਹਾਂ ਦੇ ਕਾਰਕੁੰਨਾਂ 'ਤੇ ਕੀਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਦੇ 7 ਲੋਕ ਜ਼ਖਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਵੱਲੋਂ ਬਰਾਬਰ ਦਾ ਕੇਸ ਬਣਾਉਣ ਲਈ ਆਪਣੇ ਸਮੇਤ ਕੁਝ ਸਾਥੀਆਂ ਨੂੰ ਆਪੇ ਸੱਟਾਂ ਲਾ ਕੇ ਉਨ੍ਹਾਂ ਵਿਰੁੱਧ ਨਾਜਾਇਜ਼ ਕੇਸ ਦਰਜ ਕਰਵਾਉਣ ਲਈ ਪੁਲਸ 'ਤੇ ਦਬਾਅ ਪਾਇਆ ਜਾ ਰਿਹਾ ਹੈ। ਪ੍ਰਕਾਸ਼ ਸਿੰਘ ਪਾਸ਼ਾ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਅਵਤਾਰ ਸਿੰਘ ਦੇ ਦਬਾਅ 'ਚ ਆ ਕੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਦਾ ਹੈ ਤਾਂ ਉਨ੍ਹਾਂ ਦੀ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਮਾਣਯੋਗ ਅਦਾਲਤ ਦਾ ਸਮਾਂ ਬਰਬਾਦ ਅਤੇ ਪੁਲਸ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਿਹਾ ਹੈ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ?
ਇਸ ਸਬੰਧੀ ਡੀ. ਐੱਸ. ਪੀ. ਸ਼ਹਿਰੀ ਪਿਆਰਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਉਕਤ ਮਾਮਲੇ ਦੀ ਪੜਤਾਲ ਕਰਵਾਈ ਜਾਵੇਗੀ ਤੇ ਅਵਤਾਰ ਸਿੰਘ ਦੇ ਹੱਕ 'ਚ ਜੇਕਰ ਮਾਣਯੋਗ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਤਾਂ ਅਦਾਲਤ ਦੇ ਹੁਕਮਾਂ ਦੀ ਇਨਬਿਨ ਪਾਲਣਾ ਕਰਦਿਆਂ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।


Related News