ਹਿੰਦੂ ਵਿਆਹ ਲਈ ਕੰਨਿਆਦਾਨ ਜ਼ਰੂਰੀ ਨਹੀਂ: ਹਾਈ ਕੋਰਟ

04/08/2024 12:32:54 PM

ਲਖਨਊ- ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਹਾਲ ਹੀ 'ਚ ਕਿਹਾ ਹੈ ਕਿ ਹਿੰਦੂ ਮੈਰਿਜ ਐਕਟ ਤਹਿਤ ਹਿੰਦੂ ਵਿਆਹ ਲਈ ਕੰਨਿਆਦਾਨ ਜ਼ਰੂਰੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਕੇਵਲ ਸਪਤਪਦੀ ਹੀ ਹਿੰਦੂ ਵਿਆਹ ਦੀ ਇਕ ਜ਼ਰੂਰੀ ਰਸਮ ਹੈ ਅਤੇ ਹਿੰਦੂ ਮੈਰਿਜ ਐਕਟ 'ਚ ਵਿਆਹ ਲਈ ਕੰਨਿਆਦਾਨ ਦੀ ਵਿਵਸਥਾ ਨਹੀਂ ਹੈ। ਜਸਟਿਸ ਸੁਭਾਸ਼ ਵਿਦਿਆਰਥੀ ਦੀ ਬੈਂਚ ਨੇ ਇਹ ਟਿੱਪਣੀ 22 ਮਾਰਚ ਨੂੰ ਆਸ਼ੂਤੋਸ਼ ਯਾਦਵ ਵੱਲੋਂ ਦਾਇਰ ਇਕ ਸਮੀਖਿਆ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ। ਅਦਾਲਤ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ-7 ਦਾ ਵੀ ਹਵਾਲਾ ਦਿੱਤਾ।

ਇਹ ਵੀ ਪੜ੍ਹੋ- ਲੂ ਦੀ ਲਪੇਟ 'ਚ ਦੇਸ਼ ਦੇ 8 ਸੂਬੇ, ਜਾਣੋ IMD ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ

ਅਦਾਲਤ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਦੀ ਧਾਰਾ-7 ਇਸ ਤਰ੍ਹਾਂ ਹੈ - ਹਿੰਦੂ ਵਿਆਹ ਸਮਾਰੋਹ- (1) ਇਕ ਹਿੰਦੂ ਵਿਆਹ ਕਿਸੇ ਵੀ ਧਿਰ ਦੀਆਂ ਰੀਤੀ ਰਿਵਾਜਾਂ ਅਤੇ ਰਸਮਾਂ ਅਨੁਸਾਰ ਕਰਵਾਇਆ ਜਾ ਸਕਦਾ ਹੈ। (2) ਅਜਿਹੀਆਂ ਰਸਮਾਂ ਅਤੇ ਸਮਾਰੋਹਾਂ ਵਿਚ ਸਪਤਪਦੀ ( ਯਾਨੀ ਕਿ ਲਾੜਾ-ਲਾੜੀ ਵਲੋਂ ਪਵਿੱਤਰ ਅਗਨੀ ਦੇ ਅੱਗੇ ਸਾਂਝੇ ਤੌਰ 'ਤੇ ਸੱਤ ਫੇਰੇ ਲੈਣੇ)। ਸੱਤਵਾਂ ਫੇਰਾ ਲੈਣ ਨਾਲ ਵਿਆਹ ਸੰਪੂਰਨ ਹੋ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਹਿੰਦੂ ਮੈਰਿਜ ਐਕਟ ਸਿਰਫ ਸਪਤਪਦੀ ਨੂੰ ਹਿੰਦੂ ਵਿਆਹ ਦੀ ਜ਼ਰੂਰੀ ਰਸਮ ਵਜੋਂ ਮਾਨਤਾ ਦਿੰਦਾ ਹੈ। ਇਹ ਹਿੰਦੂ ਵਿਆਹ ਦੀ ਰਸਮ ਲਈ ਕੰਨਿਆਦਾਨ ਨੂੰ ਜ਼ਰੂਰੀ ਨਹੀਂ ਬਣਾਉਂਦਾ।

ਇਹ ਵੀ ਪੜ੍ਹੋ-  ਮੁਸਲਿਮ ਔਰਤਾਂ ਨੂੰ ਈਦ ਦਾ ਤੋਹਫ਼ਾ, ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ

 

ਅਦਾਲਤ ਨੇ ਕਿਹਾ ਕਿ ਕੰਨਿਆਦਾਨ ਦੀ ਰਸਮ ਕੀਤੀ ਗਈ ਸੀ ਜਾਂ ਨਹੀਂ, ਇਹ ਕੇਸ ਦੇ ਨਿਆਂਪੂਰਨ ਫੈਸਲੇ ਲਈ ਜ਼ਰੂਰੀ ਨਹੀਂ ਹੋਵੇਗਾ ਅਤੇ ਇਸ ਲਈ ਇਸ ਤੱਥ ਨੂੰ ਸਾਬਤ ਕਰਨ ਲਈ ਧਾਰਾ-311 ਤਹਿਤ ਗਵਾਹਾਂ ਨੂੰ ਨਹੀਂ ਬੁਲਾਇਆ ਜਾ ਸਕਦਾ। ਸਮੀਖਿਆ ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ ਨੇ ਇਸ ਸਾਲ 6 ਮਾਰਚ ਨੂੰ ਵਧੀਕ ਸੈਸ਼ਨ ਜੱਜ ਵੱਲੋਂ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਇਸ ਹੁਕਮ ਵਿਚ ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਦੋ ਗਵਾਹਾਂ ਨੂੰ ਮੁੜ ਪੁੱਛਗਿੱਛ ਲਈ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਮੁਕੱਦਮੇ ਦੀ ਕਾਰਵਾਈ ਦੌਰਾਨ ਇਸਤਗਾਸਾ ਪੱਖ ਦੇ ਦੋ ਗਵਾਹਾਂ ਨੂੰ ਮੁੜ ਗਵਾਹੀ ਦੇਣ ਲਈ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਭਾਰਤੀ ਸਿਆਸਤ ’ਚ ਪੱਛੜਦੀਆਂ ਔਰਤਾਂ, ਸੰਸਦ ’ਚ ਗਿਣਤੀ ਸਿਰਫ਼ 15 ਫੀਸਦੀ

ਸਮੀਖਿਆ ਪਟੀਸ਼ਨ ਦਾਇਰ ਕਰਦੇ ਸਮੇਂ ਇਹ ਦਲੀਲ ਦਿੱਤੀ ਗਈ ਸੀ ਕਿ ਇਸਤਗਾਸਾ ਪੱਖ ਦੇ ਗਵਾਹ ਨੰਬਰ-1 ਅਤੇ ਉਸ ਦੇ ਪਿਤਾ ਜੋ ਕਿ ਇਸਤਗਾਸਾ ਪੱਖ ਦੇ ਗਵਾਹ ਨੰਬਰ-2 ਸਨ, ਦੇ ਬਿਆਨਾਂ ਵਿਚ ਵਿਰੋਧਾਭਾਸ ਸੀ ਅਤੇ ਇਸ ਲਈ ਉਨ੍ਹਾਂ ਦੀ ਫਿਰ ਤੋਂ ਗਵਾਹੀ ਜ਼ਰੂਰੀ ਸੀ। ਅਦਾਲਤ ਦੇ ਸਾਹਮਣੇ ਇਹ ਵੀ ਆਇਆ ਕਿ ਇਸਤਗਾਸਾ ਪੱਖ ਨੇ ਕਿਹਾ ਸੀ ਕਿ ਮੌਜੂਦਾ ਵਿਵਾਦ 'ਚ ਜੋੜੇ ਦੇ ਵਿਆਹ ਲਈ ਕੰਨਿਆਦਾਨ ਜ਼ਰੂਰੀ ਸੀ। ਅਜਿਹੇ 'ਚ ਸਮੁੱਚੇ ਹਾਲਾਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਕਿਹਾ ਕਿ ਹਿੰਦੂ ਵਿਆਹ ਦੀ ਰਸਮ ਲਈ ਕੰਨਿਆਦਾਨ ਜ਼ਰੂਰੀ ਨਹੀਂ ਹੈ। ਬੈਂਚ ਨੇ ਇਸਤਗਾਸਾ ਦੇ ਗਵਾਹ ਨੰਬਰ ਇਕ ਅਤੇ ਉਸ ਦੇ ਪਿਤਾ ਤੋਂ ਮੁੜ ਪੁੱਛਗਿੱਛ ਕਰਨ ਦੀ ਇਜਾਜ਼ਤ ਦੇਣ ਲਈ ਕੋਈ ਢੁੱਕਵਾਂ ਕਾਰਨ ਨਹੀਂ ਮਿਲਿਆ ਅਤੇ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News