ਇਮਰਾਨ ਕੋਲ ਗੁਪਤ ਦਸਤਾਵੇਜ਼ ਹੋਣ ਦਾ ਕੋਈ ਸਬੂਤ ਨਹੀਂ : ਇਸਲਾਮਾਬਾਦ ਹਾਈ ਕੋਰਟ
Wednesday, May 01, 2024 - 01:11 PM (IST)
ਇਸਲਾਮਾਬਾਦ (ਭਾਸ਼ਾ) - ਗੁਪਤ ਦਸਤਾਵੇਜ਼ਾਂ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਕਿ ਫੈਡਰਲ ਜਾਂਚ ਏਜੰਸੀ ਕੋਲ ਇਹ ਸਾਬਤ ਕਰਨ ਲਈ ਕੁਝ ਵੀ ਨਹੀਂ ਸੀ ਕਿ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਗੁਪਤ ਦਸਤਾਵੇਜ਼ ਸਨ ਅਤੇ ਉਹ ਗੁੰਮ ਹੋ ਗਏ।
ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਮਿਆਂਗੁਲ ਹਸਨ ਦੀ ਬੈਂਚ ਨੇ ਮੰਗਲਵਾਰ ਨੂੰ 71 ਸਾਲਾ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਗੁਪਤ ਦਸਤਾਵੇਜ਼ ਰੱਖਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਸਜ਼ਾ ਖ਼ਿਲਾਫ਼ ਅਪੀਲਾਂ ਦੀ ਸੁਣਵਾਈ ਮੁੜ ਸ਼ੁਰੂ ਕੀਤੀ। ਬੈਂਚ ਨੇ ਪੁੱਛਿਆ ਕਿ ਕੀ ਇਸਤਗਾਸਾ ਏਜੰਸੀ ਕੋਲ ਇਹ ਸਾਬਤ ਕਰਨ ਲਈ ਕੋਈ ਸਮੱਗਰੀ ਹੈ ਕਿ ਇਮਰਾਨ ਖਾਨ ਕੋਲ ਗੁਪਤ ਦਸਤਾਵੇਜ਼ ਹਨ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਇਮਰਾਨ ਖ਼ਾਨ ਨੂੰ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਦੇ ਨਾਲ ਇਸ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਖਾਨ ਨੇ ਕਥਿਤ ਤੌਰ 'ਤੇ ਇਸਲਾਮਾਬਾਦ ਵਿਚ ਇਕ ਜਨਤਕ ਰੈਲੀ ਵਿਚ ਇਕ ਗੁਪਤ ਕੂਟਨੀਤਕ ਦਸਤਾਵੇਜ਼ ਦਿਖਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਇਹ ਉਸ ਦੀ ਸਰਕਾਰ ਵਿਰੁੱਧ ਵਿਦੇਸ਼ੀ ਸ਼ਕਤੀਆਂ ਦੁਆਰਾ ਰਚੀ ਜਾ ਰਹੀ ਸਾਜ਼ਿਸ਼ ਦਾ ਸਬੂਤ ਸੀ। ਖਾਨ ਦੇ ਇਸ ਪੇਪਰ ਨੂੰ ਦਿਖਾਉਣ ਤੋਂ ਲਗਭਗ ਦੋ ਹਫਤਿਆਂ ਬਾਅਦ, ਅਪ੍ਰੈਲ 2022 ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੂੰ ਅਵਿਸ਼ਵਾਸ ਵੋਟ ਰਾਹੀਂ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ।