ਭਾਰਤ-ਪਾਕਿ ਸਰਹੱਦ ਨੇੜੇ ਪਾਕਿਸਤਾਨ ਵਲੋਂ ਆਏ ਡਰੋਨ ਸਣੇ ਸਾਢੇ 12 ਕਰੋੜ ਰੁਪਏ ਦੀ ਹੈਰੋਇਨ ਬਰਾਮਦ
Friday, Mar 07, 2025 - 08:50 PM (IST)

ਫਿਰੋਜ਼ਪੁਰ, (ਕੁਮਾਰ)- ਬੀਐੱਸਐੱਫ ਦੀ 182 ਬਟਾਲੀਅਨ ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੇ ਬੀਓਪੀ ਜਾਮਾ ਰੱਖਈਆ ਖੇਤਰ ਦੇ ਖੇਤਾਂ ਵਿਚੋਂ ਇੱਕ ਡਰੋਨ ਅਤੇ ਇੱਕ ਬੈਗ ਬਰਾਮਦ ਕੀਤਾ ਹੈ, ਜਿਸ ਵਿੱਚੋਂ ਹੈਰੋਇਨ ਦੇ 5 ਪੈਕੇਟ ਬਰਾਮਦ ਹੋਏ ਹਨ ਜਿਨ੍ਹਾਂ ਦਾ ਵਜ਼ਨ ਕਰੀਬ ਢਾਈ ਕਿੱਲੋ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ ਸਾਢੇ 12 ਕਰੋੜ ਰੁਪਏ ਦੱਸੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਜਦੋਂ ਇੱਕ ਕਿਸਾਨ ਬੀਓਪੀ ਜਾਮਾ ਰਖਈਆ ਦੇ ਇਲਾਕੇ ਵਿੱਚ ਆਪਣੇ ਖੇਤਾਂ ਵਿੱਚ ਗਿਆ ਤਾਂ ਉਸਨੇ ਖੇਤਾਂ ਵਿੱਚ ਇੱਕ ਬੈਗ ਪਿਆ ਦੇਖਿਆ ਜੋ ਡਰੋਨ ਦੇ ਨਾਲ ਬੰਨਿਆ ਹੋਇਆ ਸੀ। ਉਸ ਨੂੰ ਬੈਗ ਵਿੱਚ ਪੈਕੇਟ ਦਿਖਾਈ ਦਿੱਤੇ ਤੇ ਉਸਨੇ ਤੁਰੰਤ ਇਸ ਬਾਰੇ ਬੀਐੱਸਐੱਫ ਦੀ 182 ਬਟਾਲੀਅਨ ਨੂੰ ਸੂਚਿਤ ਕੀਤਾ ਅਤੇ ਬੀਐੱਸਐੱਫ ਦੇ ਜਵਾਨ ਤੁਰੰਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉੱਥੇ ਪਹੁੰਚੇ ਅਤੇ ਬੈਗ ਵਿੱਚੋਂ ਹੈਰੋਇਨ ਦੇ 5 ਪੈਕੇਟ ਅਤੇ ਇੱਕ ਚੀਨ ਦਾ ਬਣਿਆ ਡਰੋਨ ਬਰਾਮਦ ਕੀਤਾ।
ਪਤਾ ਲੱਗ ਗਿਆ ਹੈ ਕਿ ਹੈਰੋਇਨ ਨਾਲ ਭਰਿਆ ਇਹ ਬੈਗ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਤਸਕਰਾਂ ਲਈ ਭੇਜਿਆ ਗਿਆ ਸੀ, ਜਿਸ ਨੂੰ ਬੀਐੱਸਐੱਫ ਨੇ ਕਬਜੇ ਵਿੱਚ ਲੈ ਲਿਆ ਹੈ ਅਤੇ ਭਾਰਤੀ ਅਤੇ ਪਾਕਿਸਤਾਨੀ ਸਮਾਂ ਸਮਗਲਰਾਂ ਦੇ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ।
ਬੀਐੱਸਐੱਫ ਅਤੇ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਕਿਸਤਾਨੀ ਤਸਕਰਾਂ ਨੇ ਇਹ ਹੈਰੋਇਨ ਕਿਹੜੇ ਭਾਰਤੀ ਤਸਕਰਾਂ ਨੂੰ ਭੇਜੀ ਸੀ ਅਤੇ ਇਸਨੂੰ ਅੱਗੇ ਕਿੱਥੇ ਪਹੁੰਚਾਇਆ ਜਾਣਾ ਸੀ।