ਹੁਣ ਇਟਲੀ ’ਚ 20 ਤਾਰੀਖ਼ ਨੂੰ ਹੋਵੇਗੀ ਹੈਰੀਟੇਜ ਚੇਅਰ ਨਿਲਾਮ

Thursday, Sep 08, 2022 - 12:26 PM (IST)

ਹੁਣ ਇਟਲੀ ’ਚ 20 ਤਾਰੀਖ਼ ਨੂੰ ਹੋਵੇਗੀ ਹੈਰੀਟੇਜ ਚੇਅਰ ਨਿਲਾਮ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ 'ਚ ਨਿਲਾਮੀ ਹੋ ਰਹੀ ਹੈ, ਜੋ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਹੈਰੀਟੇਜ ਫਰਨੀਚਰ ਦੀ ਨਿਲਾਮੀ 20 ਸਤੰਬਰ ਨੂੰ ਇਟਲੀ 'ਚ ਹੋਣ ਜਾ ਰਹੀ ਹੈ। ਨਿਲਾਮੀ 'ਚ ਲੱਕੜ ਦੀ ਹੈਰੀਟੇਜ ਡੈਸਕ ਚੇਅਰ ਲਾਈ ਜਾਵੇਗੀ, ਜਿਸ ਦੀ ਰਾਖਵੀਂ ਕੀਮਤ 2.37 ਲੱਖ ਰੁਪਏ ਹੈ। ਇਸ ਸਬੰਧੀ ਸ਼ਹਿਰ ਦੇ ਵਕੀਲ ਅਜੇ ਜੱਗਾ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਭੇਜ ਕੇ ਅਪੀਲ ਕੀਤੀ ਹੈ ਕਿ ਨਿਲਾਮੀ ਨੂੰ ਰੋਕਣ ਲਈ ਯਤਨ ਕੀਤੇ ਜਾਣ। ਨਾਲ ਹੀ ਸੰਸਦ ਨੂੰ ਇਹ ਫਰਨੀਚਰ ਸੰਭਾਲਣ ਦਾ ਫ਼ੈਸਲਾ ਲੈਣਾ ਚਾਹੀਦਾ ਹੈ।

ਜੱਗਾ ਨੇ ਦੱਸਿਆ ਕਿ ਇਹ ਨਿਲਾਮੀ ਇਟਲੀ 'ਚ ਹੋਣ ਜਾ ਰਹੀ ਹੈ, ਜਿਸ 'ਚ ਇਕ ਵਿਰਾਸਤੀ ਚੀਜ਼ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਫਰਨੀਚਰ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਵਿਰਾਸਤੀ ਫਰਨੀਚਰ ਦੀ ਨਿਲਾਮੀ ਰੋਕਣ ਦੇ ਨਾਲ-ਨਾਲ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਇਹ ਹੈਰੀਟੇਜ ਫਰਨੀਚਰ ਦੇਸ਼ ਤੋਂ ਬਾਹਰ ਕਿਵੇਂ ਪਹੁੰਚ ਰਿਹਾ ਹੈ।

ਇਸ ਤੋਂ ਇਲਾਵਾ ਸਮੱਗਲਿੰਗ ਵਿਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸਥਾਨਕ ਪੱਧਰ ’ਤੇ ਵੀ ਚੋਰੀਆਂ ਰੋਕਣ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਨੇ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਕੋਲ ਚੁੱਕਣ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਵਸਤਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਵਰਤੇ ਗਏ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਣੀ ਚਾਹੀਦੀ ਹੈ। ਜੱਗਾ ਨੇ ਕਿਹਾ ਕਿ ਕੋਈ ਕਾਨੂੰਨ ਅਤੇ ਨਿਯਮਾਂ ਦੀ ਅਣਹੋਂਦ ਕਾਰਨ ਵਿਰਾਸਤੀ ਫਰਨੀਚਰ ਦਾ ਪ੍ਰਬੰਧ ਨਹੀਂ ਹੋ ਰਿਹਾ, ਜਿਸ ਕਾਰਨ ਉਨ੍ਹਾਂ ਇਸ ਸਬੰਧੀ ਜਲਦੀ ਨਿਯਮ ਤਿਆਰ ਕਰਨ ਦੀ ਅਪੀਲ ਕੀਤੀ ਹੈ।
 


author

Babita

Content Editor

Related News