ਪਤੀ ਹੱਥੋਂ ਸਤਾਈ ਪਤਨੀ ਥਾਂ-ਥਾਂ ਠੋਕਰਾਂ ਖਾਣ ਲਈ ਮਜਬੂਰ
Saturday, Aug 19, 2017 - 07:22 AM (IST)
ਸਰਹਾਲੀ ਕਲਾਂ, (ਸੁਖਬੀਰ, ਮਨਜੀਤ, ਰਸਬੀਰ)- ਇਕ ਪਾਸੇ ਸੂਬਾ ਸਰਕਾਰ 'ਬੇਟੀ ਪੜ੍ਹਾਓ, ਬੇਟੀ ਬਚਾਓ' ਦੇ ਨਾਅਰੇ ਮਾਰ ਰਹੀ ਹੈ ਤੇ ਦੂਸਰੇ ਪਾਸੇ ਇਕ ਪਤੀ ਵੱਲੋਂ ਆਪਣੀ ਪਤਨੀ ਅਤੇ ਤਿੰਨ ਸਾਲਾ ਬੇਟੇ ਨੂੰ ਘਰੋਂ ਕੁੱਟਮਾਰ ਕਰ ਕੇ ਉਸ ਨੂੰ ਪੇਕੇ ਘਰ ਭੇਜ ਦਿੱਤਾ ਗਿਆ, ਜਿਸ ਕਾਰਨ ਪੀੜਤਾ ਆਪਣੇ ਬੇਟੇ ਨੂੰ ਲੈ ਕੇ ਵੱਖ-ਵੱਖ ਅਫਸਰਾਂ ਕੋਲ ਠੋਕਰਾਂ ਖਾਣ ਲਈ ਮਜਬੂਰ ਹੈ। ਪੀੜਤ ਲੜਕੀ ਮਨਦੀਪ ਕੌਰ ਪਤਨੀ ਬਿਕਰਮਜੀਤ ਸਿੰਘ ਵਾਸੀ ਚੋਹਲਾ ਸਾਹਿਬ ਨੇ ਐੱਸ. ਐੱਸ. ਪੀ. ਤਰਨਤਾਰਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਦੱਸਿਆ ਹੈ ਕਿ ਉਸ ਦਾ ਵਿਆਹ ਬਿਕਰਮਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਪਿੰਡ ਪਨਗੋਟਾ ਨਾਲ 4 ਸਾਲ ਪਹਿਲਾਂ ਹੋਇਆ ਸੀ, ਜਿਸ ਤੋਂ ਇਕ ਬੇਟਾ ਗੁਰਨਿਸ਼ਾਨ ਸਿੰਘ ਹੈ। ਪੀੜਤਾ ਨੇ ਕਿਹਾ ਕਿ ਉਹ ਕੈਂਸਰ ਤੇ ਹਾਰਟ ਦੀ ਮਰੀਜ਼ ਹੈ ਅਤੇ ਉਸ ਦਾ ਪਤੀ ਉਸ ਨੂੰ ਕੋਈ ਖਰਚਾ ਨਹੀਂ ਦੇ ਰਿਹਾ, ਸਗੋਂ ਉਲਟਾ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
ਇੱਥੋਂ ਤੱਕ ਕਿ ਉਸ ਕੋਲ ਦੋ ਲਾਇਸੈਂਸੀ ਹਥਿਆਰ ਹਨ, ਜਿਨ੍ਹਾਂ ਨਾਲ ਉਹ ਉਸ ਦੇ ਪਰਿਵਾਰ ਨੂੰ ਡਰਾਉਂਦਾ-ਧਮਕਾਉਂਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਬਹੁਤ ਜ਼ਿਆਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਕਿਤੇ ਵੀ ਸਰਕਾਰੀ ਦਰਬਾਰੇ ਸੁਣਵਾਈ ਨਹੀਂ ਹੋ ਰਹੀ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਆਪਣੇ ਬੇਟੇ ਸਮੇਤ ਆਤਮਹੱਤਿਆ ਕਰ ਲਵੇਗੀ, ਜਿਸ ਦੀ ਜ਼ਿੰਮੇਵਾਰੀ ਉਸ ਦੇ ਪਤੀ ਅਤੇ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਅਖੀਰ ਵਿਚ ਪੀੜਤਾ ਨੇ ਕਿਹਾ ਕਿ ਉਹ ਵੱਖ-ਵੱਖ ਸਿਆਸੀ ਆਗੂਆਂ ਕੋਲ ਵੀ ਪਹੁੰਚ ਚੁੱਕੀ ਹੈ ਪਰ ਕਿਸੇ ਨੇ ਵੀ ਉਸ ਦੀ ਕੋਈ ਸਾਰ ਨਹੀਂ ਲਈ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਰਿਵਾਰ ਦਾ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਉਸ ਦੇ ਪਤੀ ਦੀ ਹੋਵੇਗੀ।
