ਸਿਹਤ ਵਿਭਾਗ ਵੱਲੋਂ ਸੀਤ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

Wednesday, Jan 07, 2026 - 05:25 PM (IST)

ਸਿਹਤ ਵਿਭਾਗ ਵੱਲੋਂ ਸੀਤ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਫਿਰੋਜ਼ਪੁਰ (ਖੁੱਲ੍ਹਰ) : ਸੀਤ ਲਹਿਰ ਦੇ ਪ੍ਰਕੋਪ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵੱਧ ਜਾਂਦੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸੰਬਧੀ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਇਸ ਮੌਸਮ ਦੌਰਾਨ ਬਜ਼ੁਰਗਾਂ, ਬੱਚਿਆਂ, ਗਰਭਵਤੀ ਔਰਤਾਂ, ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਆਦਿ ਦਾ ਖ਼ਾਸ ਖਿਆਲ ਰੱਖਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਠੰਡ ਨਾਲ ਪ੍ਰਭਾਵਿਤ ਹੋਣ ਤੇ ਸ਼ਰੀਰ ਠੰਡਾ ਪੈ ਸਕਦਾ ਹੈ, ਬਹੁਤ ਜ਼ਿਆਦਾ ਕਾਂਬਾ, ਯਾਦਾਸ਼ਤ ਚਲੇ ਜਾਣਾ, ਬੇਹੋਸ਼ੀ,ਕਮਜ਼ੋਰੀ ਆਦਿ ਲੱਛਣ ਹੋ ਸਕਦੇ ਹਨ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਇਹ ਵੀ ਦਸਿਆ ਕਿ ਇਸ ਮੌਸਮ ਦੌਰਾਨ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸਮੱਰਥਾ ਘੱਟ ਜਾਂਦੀ ਹੈ।

ਇਸ ਲਈ ਸੰਤੁਲਤ ਖ਼ੁਰਾਕ ਲਈ ਜਾਏ ਅਤੇ ਵਿਟਾਮਿਨ ਸੀ ਭਰਪੂਰ ਖਾਧ ਪਦਾਰਥ ਲਏ ਜਾਣ। ਮੌਸਮੀ ਫਲਾਂ ਅਤੇ ਸਬਜ਼ੀਆਂ ਲਈਆਂ ਜਾਣ ਤੇ ਬਾਹਰ ਦੇ ਜੰਕ ਫੂਡ ਤੋਂ ਬਚਿਆ ਜਾਏ। ਇਹੀ ਨਹੀਂ ਭੋਜਨ ਹਮੇਸ਼ਾ ਤਾਜ਼ਾ ਬਣਿਆ ਹੀ ਲਿਆ ਜਾਏ। ਗਰਮ ਪਾਣੀ, ਸੂਪ ਆਦਿ ਦਾ ਸੇਵਨ ਕੀਤਾ ਜਾਏ। ਸ਼ਰਾਬ ਦੇ ਸੇਵਨ ਤੋਂ ਬਚਿਆ ਜਾਵੇ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਵੇਰੇ ਅਤੇ ਸ਼ਾਮ ਬਾਹਰ ਨਾ ਨਿਕਲਿਆ ਜਾਏ ਖ਼ਾਸ ਕਰ ਬਜ਼ੁਰਗਾਂ, ਬੱਚਿਆਂ ਨੂੰ ਬਾਹਰ ਲਿਜਾਣ ਤੋਂ ਗ਼ੁਰੇਜ਼ ਕੀਤਾ ਜਾਏ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦਸਿਆ ਕਿ ਫਲੂ, ਖਾਂਸੀ, ਜ਼ੁਕਾਮ, ਸਰਦੀ, ਬੁਖਾਰ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਏ। ਇਹੀ ਨਹੀਂ ਬਾਹਰ ਨਿਕਲਣ ਵੇਲੇ ਤੇ ਵਾਹਨ ਆਦਿ ਡਰਾਈਵ ਕਰਨ ਵੇਲੇ ਵਿੰਡਪਰੂਫ ਗਰਮ ਕੱਪੜੇ ਪਾਏ ਜਾਣ, ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਠੰਡ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਢੱਕ ਕੇ ਰੱਖੋ, ਦਸਤਾਨੇ, ਟੋਪੀ ਮਫਲਰ ਆਦਿ ਤੋਂ ਬਿਨਾ ਬਾਹਰ ਨਾ ਨਿਕਲੋ।


author

Babita

Content Editor

Related News