ਪੰਜਾਬ: ਫਰਿੱਜ ਖੋਲ੍ਹਦਿਆਂ ਹੀ ਹੋ ਗਿਆ ਧਮਾਕਾ! ਅੱਗ ਦੀ ਲਪੇਟ ''ਚ ਆਏ ਪਤੀ-ਪਤਨੀ
Monday, Jan 05, 2026 - 11:17 AM (IST)
ਲੁਧਿਆਣਾ: ਲੁਧਿਆਣਾ 'ਚ ਇਕ ਘਰ ਅੰਦਰ ਅਚਾਨਕ ਫਰਿੱਜ ਦਾ ਕੰਪ੍ਰੈਸਰ ਫੱਟ ਗਿਆ, ਜਿਸ ਕਾਰਨ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਘਰ ਵਿਚ ਚੀਕ-ਚਿਹਾੜਾ ਸੁਣਿਆ ਤਾਂ ਤੁਰੰਤ ਘਰ ਵਿਚ ਦਾਖ਼ਲ ਹੋ ਕੇ ਦੋਹਾਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਮਹਿਲਾ ਦੀ ਹਾਲਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਦਾ ਮੂੰਹ ਤੇ ਛਾਤੀ ਅੱਗ ਦੀ ਲਪੇਟ ਵਿਚ ਆਏ ਹਨ। ਝੁਲਸੇ ਜੋੜੇ ਦੀ ਪਛਾਣ ਨੀਤੂ (32) ਅਤੇ ਨੀਰਜ (32) ਵਜੋਂ ਹੋਈ ਹੈ।
ਸਿਵਲ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਜੋੜਾ ਰਿਸ਼ੀ ਨਗਰ ਦਾ ਰਹਿਣ ਵਾਲਾ ਹੈ। ਨੀਤੂ ਨੇ ਸਾਮਾਨ ਰੱਖਣ ਲਈ ਫਰਿੱਜ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਫਰਿੱਜ ਦੇ ਕੰਪ੍ਰੈਸਰ ਵਿਚ ਧਮਾਕਾ ਹੋ ਗਿਆ। ਨੀਤੂ ਦਾ ਪਤੀ ਨੀਰਜ ਵੀ ਨੇੜੇ ਹੀ ਸੀ। ਉਹ ਜਦੋਂ ਆਪਣੀ ਪਤਨੀ ਨੂੰ ਅੱਗ ਤੋਂ ਪਚਾਉਣ ਲੱਗਿਆ ਤਾਂ ਉਸ ਦੀ ਵੀ ਬਾਂਹ ਝੁਲਸ ਗਈ। ਉਸ ਨੇ ਰੌਲ਼ਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਦੋਹਾਂ ਨੂੰ ਘਰ ਤੋਂ ਬਾਹਰ ਕੱਢਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਫ਼ਿਲਹਾਲ ਦੋਵੇਂ ਪੀ. ਜੀ. ਆਈ. ਵਿਚ ਜ਼ੇਰੇ ਇਲਾਜ ਹਨ।
