ਮੋਹਾਲੀ 'ਚ ਸਾਬਕਾ AAG ਦੀ ਪਤਨੀ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਨੌਕਰ ਹੀ ਨਿਕਲਿਆ ਕਾਤਲ
Friday, Jan 02, 2026 - 01:40 PM (IST)
ਮੋਹਾਲੀ (ਜੱਸੀ) : ਮੋਹਾਲੀ ਦੇ ਫੇਜ਼-5 ਵਿਖੇ ਵਧੀਕ ਵਕੀਲ ਜਨਰਲ (AAG) ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ (66) ਦੇ ਕਤਲ ਮਾਮਲੇ 'ਚ ਉਨ੍ਹਾਂ ਦੇ ਨੌਕਰ ਨੀਰਜ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਸ ਨੇ ਭਾਵੇਂ ਇਹ ਮਾਮਲਾ ਸੁਲਝਾ ਲਿਆ ਹੈ ਪਰ ਨੀਰਜ ਦੇ ਕਹਿਣ 'ਤੇ ਕਤਲ ਕਰਨ ਅਤੇ ਘਰ 'ਚੋਂ ਸਾਢੇ 8 ਲੱਖ ਅਤੇ 40 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਣ ਵਾਲੇ ਫਿਲਹਾਲ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਸ ਉਨ੍ਹਾਂ ਦੀ ਗ੍ਰਿਫ਼ਤਾਰੀ ਮਗਰੋਂ ਹੀ ਉਕਤ ਵਾਰਦਾਤ ਨੂੰ ਸੁਲਝਾਉਣ ਬਾਰੇ ਜਾਣਕਾਰੀ ਸਾਂਝੀ ਕਰੇਗੀ। ਆਉਣ ਵਾਲੇ ਦਿਨਾਂ 'ਚ ਇਸ ਕਤਲ ਬਾਰੇ ਪੁਲਸ ਅਹਿਮ ਖ਼ੁਲਾਸੇ ਕਰ ਸਕਦੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਕਰ ਨੀਰਜ ਨੇ ਪੁਲਸ ਸਾਹਮਣੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਉਹ ਹੀ ਉਕਤ ਘਟਨਾ ਦਾ ਮਾਸਟਰਮਾਈਂਡ ਹੈ। ਉਸ ਨੇ ਹੀ ਉਕਤ ਘਟਨਾ ਨੂੰ ਅੰਜਾਮ ਦੇਣ ਲਈ 2 ਲੋਕਾਂ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ’ਚੋਂ ਇਕ ਮੁਲਜ਼ਮ ਉਸ ਦਾ ਰਿਸ਼ਤੇਦਾਰ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਦੋਵੇਂ ਮੁਲਜ਼ਮ ਮੋਹਾਲੀ ਤੋਂ ਇਕ ਆਟੋ ਰਾਹੀਂ ਰੇਲਵੇ ਸਟੇਸ਼ਨ ਪਹੁੰਚੇ ਅਤੇ ਰੇਲਗੱਡੀ ਰਾਹੀਂ ਕਿਸੇ ਹੋਰ ਸੂਬੇ ’ਚ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਵਾਹਨ ਚਾਲਕਾਂ ਲਈ ਬੁਰੀ ਖ਼ਬਰ! ਹੋ ਜਾਣ ਸਾਵਧਾਨ, ਡਰਾਈਵਿੰਗ ਲਾਇਸੈਂਸ ਹੋ ਜਾਵੇਗਾ...
ਪਿਛਲੇ 8 ਸਾਲਾਂ ਤੋਂ ਕਰਦਾ ਸੀ ਕੰਮ
ਇਥੇ ਦੱਸ ਦਈਏ ਕਿ ਨੌਕਰ ਨੀਰਜ ਪਿਛਲੇ 8 ਸਾਲਾਂ ਤੋਂ ਵਧੀਕ ਵਕੀਲ ਜਨਰਲ ਗੋਇਲ ਦੇ ਘਰ ਕੰਮ ਕਰ ਰਿਹਾ ਸੀ। ਨੀਰਜ ਦੀ ਉਮਰ 24 ਸਾਲ ਹੈ ਅਤੇ ਉਹ ਪਿੱਛਿਓਂ ਉੱਤਰਾਖੰਡ ਦਾ ਰਹਿਣ ਵਾਲਾ ਹੈ। ਪੁਲਸ ਨੂੰ ਵਕੀਲ ਗੋਇਲ ਵੱਲੋਂ ਦਿੱਤੇ ਬਿਆਨ ਕਿ ਕਿਸੇ ਭੇਤੀ ਨੇ ਹੀ ਵਾਰਦਾਤ ਨੂੰ ਅੰਜਾਮ ਦਿੰਤਾ ਹੈ ਕਿਉਂਕਿ ਨਕਦੀ ਤੇ ਗਹਿਣਿਆਂ ਵਾਲੀ ਅਲਮਾਰੀ ਤੋਂ ਇਲਾਵਾ ਕਿਸੇ ਹੋਰ ਚੀਜ਼ ਨੂੰ ਹੱਥ ਵੀ ਨਹੀਂ ਲਾਇਆ ਗਿਆ, ਜਿਸ ਤੋਂ ਜਾਪ ਰਿਹਾ ਸੀ ਕਿ ਮੁਲਜ਼ਮਾਂ ਨੂੰ ਪੈਸਿਆਂ ਬਾਰੇ ਪੂਰੀ ਜਾਣਕਾਰੀ ਸੀ। ਉੱਧਰ ਮੁਲਜ਼ਮਾਂ ਨੂੰ ਘਰ ’ਚ ਦਾਖ਼ਲ ਕਰਨ ਲਈ ਦੇਰ ਰਾਤ ਖੋਲ੍ਹੀ ਗਈ ਕੁੰਡੀ ਵੀ ਨੌਕਰ ਵੱਲ ਇਸ਼ਾਰਾ ਕਰ ਰਹੀ ਸੀ। ਤੀਜਾ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ, ਜਦ ਘਰ ਦਾ ਮਾਲਕ ਅਤੇ ਬਾਕੀ ਮੈਂਬਰ ਵਿਦੇਸ਼ ਗਏ ਹੋਏ ਸਨ। ਉੱਧਰ ਪੁਲਸ ਨੌਕਰ ਕੋਲੋਂ ਇਸ ਸਬੰਧੀ ਵੀ ਪੁੱਛਗਿੱਛ ਕਰ ਰਹੀ ਹੈ ਕਿ 8 ਸਾਲਾਂ 'ਚ ਅਜਿਹਾ ਕੀ ਹੋਇਆ ਕਿ ਨੌਕਰ ਨੂੰ ਉਕਤ ਵਾਰਦਾਤ ਨੂੰ ਅੰਜਾਮ ਦੇਣਾ ਪਿਆ। ਇਸ ਸਬੰਧੀ ਐੱਸ. ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਅਸ਼ੋਕ ਗੋਇਲ ਦੇ ਕਤਲ ਕੇਸ ਨੂੰ ਸੁਲਝਾ ਲਿਆ ਗਿਆ ਹੈ। ਮੁੱਖ ਮੁਲਜ਼ਮ ਘਰ ਦਾ ਨੌਕਰ ਹੀ ਸੀ, ਜੋ ਕਿ ਪੁਲਸ ਦੀ ਹਿਰਾਸਤ ’ਚ ਹੈ। ਨੀਰਜ ਦੇ ਫ਼ਰਾਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ, ਮਿਲਿਆਂ 3 ਦਿਨਾਂ ਦਾ ਆਖ਼ਰੀ ਮੌਕਾ
ਦਿੱਲੀ, ਉੱਤਰਾਖੰਡ ਤੇ ਯੂ. ਪੀ ਲਈ ਪੁਲਸ ਦੀਆਂ ਟੀਮਾਂ ਰਵਾਨਾ
ਪੁਲਸ ਸੂਤਰਾਂ ਮੁਤਾਬਕ ਉਕਤ ਦੋਵੇਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੈਦਲ ਹੀ ਫੇਜ਼-5 ਤੋਂ ਫੇਜ਼ 3\5 ਦੀਆਂ ਟ੍ਰੈਫਿਕ ਲਾਈਟਾਂ ਨੂੰ ਗਏ ਅਤੇ ਉਥੋਂ ਮਦਨਪੁਰ ਚੌਂਕ ਪਹੁੰਚੇ। ਮਦਨਪੁਰ ਚੌਂਕ ਤੋਂ ਪੈਟਰੋਲ ਪੰਪ ਨੂੰ ਜਾਂਦੀ ਸੜਕ ਤੋਂ ਇਕ ਆਟੋ ਲਿਆ ਤੇ ਰੇਲਵੇ ਸਟੇਸ਼ਨ ਪਹੁੰਚੇ। ਪੁਲਸ ਨੂੰ ਨੀਰਜ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੀ ਉੱਚ ਅਧਿਕਾਰੀਆਂ ਵੱਲੋਂ ਇਕ ਟੀਮ ਦਿੱਲੀ, ਦੂਜੀ ਉੱਤਰਾਖੰਡ ਤੇ ਤੀਜੀ ਟੀਮ ਯੂ. ਪੀ. ਭੇਜੀ ਗਈ ਹੈ ਕਿਉਂਕਿ ਮੁਲਜ਼ਮਾਂ ਦੇ ਤਿੰਨਾਂ ਰਾਜਾਂ ’ਚ ਹੋਣ ਦੀ ਪੁਖ਼ਤਾ ਜਾਣਕਾਰੀ ਪੁਲਸ ਨੂੰ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
