ਜੇਲਾਂ ''ਚ ਸ਼ੁਰੂ ਹੋਵੇਗਾ ''ਹੈਪੇਟਾਈਟਸ-ਸੀ'' ਦਾ ਇਲਾਜ
Saturday, Jul 27, 2019 - 11:27 AM (IST)

ਚੰਡੀਗੜ੍ਹ : ਦੇਸ਼ ਦਾ ਮੋਹਰੀ ਸੂਬਾ ਬਣਦਿਆਂ ਪੰਜਾਬ ਸਰਕਾਰ ਵਲੋਂ ਕੇਂਦਰੀ ਜੇਲਾਂ 'ਚ 'ਹੈਪੇਟਾਈਟਸ-ਸੀ' ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸੂਬਾ ਸਰਕਾਰ 'ਹੈਪੇਟਾਈਟਸ-ਸੀ' ਦੇ ਟੈਸਟਾਂ ਦੀ ਉਸ ਲਾਗਤ ਦਾ ਖਰਚਾ ਵੀ ਉਠਾ ਰਹੀ ਹੈ, ਜਿਸ ਲਈ ਪਹਿਲਾਂ ਮਰੀਜ ਨੂੰ 881 ਰੁਪਏ ਦੇਣੇ ਪੈ ਰਹੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ 'ਵਿਸ਼ਵ ਹੈਪੇਟਾਈਟਸ ਦਿਵਸ' ਮੌਕੇ ਪੰਜਾਬ, ਭਾਰਤ ਅਤੇ ਵਿਸ਼ਵ ਵਿਚ 'ਹੈਪੇਟਾਈਟਸ-ਸੀ' ਦੀ ਮੌਜੂਦਾ ਸਥਿਤੀ ਦੀ ਜਾਂਚ ਲਈ ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਕੀਤੀ ਗਈ ਪ੍ਰੀ-ਕਾਨਫਰੰਸ ਦੌਰਾਨ ਦਿੱਤੀ ਤਾਂ ਜੋ ਇਸ ਵਧੇਰੇ ਸੰਕਰਮਣ ਬਿਮਾਰੀ ਦੇ ਖਾਤਮੇ ਲਈ ਰੋਕਥਾਮ ਤੇ ਸੰਭਾਲ ਸਬੰਧੀ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ। ਸਿਹਤ ਵਿਭਾਗ ਨੇ ਫਾਊਂਡੇਸ਼ਨ ਆਫ ਇਨੋਵੇਟਿਵ ਨਿਊ ਡਾਇਗਨੋਸਟਿਕਸ ਨਾਲ ਕੇਂਦਰੀ ਜੇਲਾਂ ਵਿਚ ਹੈਪੇਟਾਈਟਸ ਸੀ ਦੇ ਕੇਸਾਂ ਦੀ ਪਛਾਣ ਅਤੇ ਇਲਾਜ ਲਈ ਸਮਝੌਤਾ ਸਹੀਬੱਧ ਕੀਤਾ।