ਜਨਵਰੀ ''ਚ ਰੱਖਿਆ ਸੀ ਧੀ ਦਾ ਵਿਆਹ, ਪਰ ਵਾਪਰੇਗਾ ਇਹ ਕੁੱਝ, ਸੁਫ਼ਨੇ ''ਚ ਵੀ ਨਾ ਸੋਚਿਆ ਸੀ
Saturday, Dec 17, 2022 - 01:58 PM (IST)
ਕਲਾਂ/ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) : ਪਿੰਡ ਗਹਿਲ ਵਿਖੇ ਇਕ ਮਜ਼ਦੂਰ ਪਰਿਵਾਰ ਦੇ ਘਰ ਬੀਤੀ ਰਾਤ ਅੱਗ ਲੱਗਣ ਕਾਰਨ ਘਰੇਲੂ ਸਮਾਨ ਅਤੇ ਬੇਟੀ ਦੇ ਵਿਆਹ ਲਈ ਦਾਜ 'ਚ ਦੇਣ ਵਾਲਾ ਸਮਾਨ ਸੜ੍ਹ ਕੇ ਸੁਆਹ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੀੜਤ ਮਜ਼ਦੂਰ ਸਮਸੀਰ ਖਾਂ ਪੁੱਤਰ ਜਲਾਲ ਖਾਂ ਵਾਸੀ ਗਹਿਲ ਨੇ ਦੱਸਿਆ ਕਿ ਬੀਤੀ ਰਾਤ ਸਾਰੇ ਪਰਿਵਾਰਿਕ ਮੈਂਬਰ ਇਕ ਕਮਰੇ ਵਿਚ ਸੁੱਤੇ ਪਏ ਸੀ ਤਾਂ 12 ਵਜੇ ਕਰੀਬ ਘਰ ਦੇ ਦੂਸਰੇ ਕਮਰੇ ਵਿਚ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਅਸੀਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਭਾਰੀ ਜੱਦੋ-ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਪੂਰੇ ਹੋਣ ਤੋਂ ਪਹਿਲਾਂ ਲੁੱਟੀਆਂ ਗਈਆਂ ਖ਼ੁਸ਼ੀਆਂ, ਉੱਘੇ ਕਬੱਡੀ ਖ਼ਿਡਾਰੀ ਦੀ ਹਾਦਸੇ 'ਚ ਮੌਤ
ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਕਮਰੇ ਵਿਚ ਪਈ ਅਲਮਾਰੀ, ਦੋ ਪੇਟੀਆਂ, ਫਰਿੱਜ, ਟਰੰਕ, ਮਿਕਸੀ, ਬਿਸਤਰੇ, ਕਣਕ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਸੋਨੀਆ ਬੇਗਮ ਦਾ ਜਨਵਰੀ ਵਿਚ ਵਿਆਹ ਸੀ, ਜਿਸ ਕਰਕੇ ਉਨ੍ਹਾਂ ਨੇ ਵਿਆਹ ਲਈ ਸਮਾਨ ਤਿਆਰ ਕਰਕੇ ਰੱਖਿਆ ਸੀ, ਜੋ ਸੜ ਕੇ ਸੁਆਹ ਹੋ ਗਿਆ ਹੈ। ਅੱਗ ਦੀ ਲਪੇਟ ਵਿਚ ਆ ਕੇ ਇੱਟ-ਬਾਲਿਆਂ ਨਾਲ ਪਾਈ ਕਮਰੇ ਦੀ ਛੱਤ ਵੀ ਨੁਕਸਾਨੀ ਗਈ ਹੈ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਦੇ ਆ ਰਹੇ ਸਨ।
ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰ ਰਹੇ ਹੋ ਵਿਦੇਸ਼ ਜਾਣ ਦੀ ਤਿਆਰੀ ਤਾਂ ਹੋ ਜਾਓ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ
ਉਨ੍ਹਾਂ ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾ ਪਾਸੋਂ ਮਦਦ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਨਾਮਧਾਰੀ ਸਾਉਣ ਸਿੰਘ ਗਹਿਲ, ਜਨਹਿੱਤ ਸਹਾਰਾ ਕਲੱਬ ਦੇ ਪ੍ਰਧਾਨ ਅਜੀਤ ਸਿੰਘ ਗਹਿਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਆਗੂ ਜਗਰੂਪ ਸਿੰਘ ਗਹਿਲ, ਪੰਚ ਬੇਅੰਤ ਸਿੰਘ ਸੰਧੂ, ਲਛਮਣ ਸਿੰਘ, ਜਰਨੈਲ ਸਿੰਘ , ਕਥਾਂ ਵਾਚਕ ਬਿਕਰਮਜੀਤ ਸਿੰਘ ਖਾਲਸਾ, ਆਮ ਆਦਮੀ ਪਾਰਟੀ ਦੇ ਆਗੂ ਕਰਮਜੀਤ ਸਿੰਘ ਗਹਿਲ ਨੇ ਪੀੜਤ ਪਰਿਵਾਰ ਘਰ ਪੁੱਜ ਕੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਸਬੰਧੀ ਪਰਿਵਾਰ ਨਾਲ ਦੁੱਖ ਸਾਂਝਾਂ ਕਰਦਿਆਂ ਪੰਜਾਬ ਸਰਕਾਰ, ਸਮਾਜਸੇਵੀ ਸੰਸਥਾਵਾਂ, ਐੱਨ. ਆਰ. ਆਈ. ਅਤੇ ਦਾਨੀ ਸੱਜਣਾ ਪਾਸੋਂ ਮਦਦ ਦੀ ਅਪੀਲ ਕੀਤੀ।