ਤਿਉਹਾਰੀ ਸੀਜ਼ਨ ’ਚ ਸਿਹਤ ਵਿਭਾਗ ਦੀ ਮਿਲਾਵਟਖੋਰਾਂ ’ਤੇ ਰਹੇਗੀ ‘ਬਾਜ਼ ਅੱਖ’
Saturday, Oct 08, 2022 - 03:08 PM (IST)
ਅੰਮ੍ਰਿਤਸਰ (ਦਲਜੀਤ) : ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਮਿਲਾਵਟਖੋਰਾਂ ’ਤੇ ਬਾਜ਼ ਦੀ ਨਜ਼ਰ ਹੈ। ਵਿਭਾਗ ਵੱਲੋਂ ਬਾਹਰੀ ਸੂਬਿਆਂ ਅਤੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਸਾਮਾਨ ਲਈ ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਿੰਘਮ ਵਜੋਂ ਜਾਣੇ ਜਾਂਦੇ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿੰਘ ਵੱਲੋਂ ਦੇਣ ਰਾਤ ਛਾਪੇਮਾਰੀ ਕਰਨ ਲਈ ਫੂਡ ਸੇਫਟੀ ਅਫਸਰਾਂ ਦੀ ਤਾਇਨਾਤੀ ਕਰ ਦਿੱਤੀ ਹੈ। ਕਮਿਸ਼ਨਰ ਨੇ ਕਿਹਾ ਹੈ ਕਿ ਮਿਲਾਵਟਖੋਰੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਸਾਵਧਾਨ ! ਜੇਕਰ ਤੁਹਾਡੇ ਕੋਲੋਂ 100 ਗ੍ਰਾਮ ਵੀ ਪਲਾਸਟਿਕ ਫੜਿਆ ਗਿਆ ਤਾਂ ਹੋਵੇਗਾ 2 ਹਜ਼ਾਰ ਰੁਪਏ ਜੁਰਮਾਨਾ
ਸਹਾਇਕ ਕਮਿਸ਼ਨਰ ਰਜਿੰਦਰ ਪਾਲ ਸਿੰਘ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਕਮਿਸ਼ਨਰ ਫੂਡ ਸੇਫਟੀ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਫੂਡ ਸੇਫਟੀ ਵਿੰਗ ਅੰਮ੍ਰਿਤਸਰ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਟੀਮਾਂ ਵੱਲੋਂ ਲਾਰੈਂਸ ਰੋਡ, ਛੇਹਰਟਾ ਦੇ ਇਲਾਕੇ ਵਿਚ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਪ੍ਰਸ਼ਾਸਨ ਦੇ ਰਡਾਰ ’ਤੇ ਪਾਬੰਦੀਸ਼ੁਦਾ ‘ਕਾਨਾ ਹਵਾਈ’ ਅਤੇ ‘ਬੰਬ’ ਦੇ ਨਾਜਾਇਜ਼ ਕਾਰਖਾਨੇ
ਬਟਾਲਾ ਰੋਡ, ਮਜੀਠਾ ਰੋਡ ਅਤੇ ਪੇਂਡੂ ਖੇਤਰ ਦੇ ਵੀ ਮਠਿਆਈਆਂ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੇ 30 ਸੈਂਪਲ ਲੈ ਕੇ ਜਾਂਚ ਲਈ ਲੈਬ ਭੇਜੇ ਗਏ ਹਨ। ਇਸ ਤੋਂ ਇਲਾਵਾ ਪਿਛਲੇ ਕੁੱਝ ਸਮੇਂ ਦੌਰਾਨ 380 ਸੈਂਪਲ ਭਰੇ ਗਏ ਹਨ, ਜਿਨ੍ਹਾਂ 'ਚੋਂ 93 ਸੈਂਪਲ ਫੇਲ੍ਹ ਪਾਏ ਗਏ ਹਨ, ਇਨ੍ਹਾਂ ਵਿਚ ਜ਼ਿਆਦਾ ਸੈਂਪਲ ਦੁੱਧ ਨਾਲ ਸਬੰਧਤ ਹਨ। ਕਮਿਸ਼ਨਰ ਨੇ ਦੱਸਿਆ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਮਾਪਦੰਡ ’ਤੇ ਖਰੇ ਨਾ ਉਤਰਨ ਵਾਲੇ ਦੁਕਾਨਦਾਰਾਂ ਅਤੇ ਵੱਡੇ ਵਪਾਰੀਆਂ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਨਾ ਖਾਣ-ਯੋਗ ਸਮੱਗਰੀ ਵੇਚਣ ਵਾਲਿਆਂ ਖਿਲਾਫ ਜਿੱਥੇ ਉਮਰ ਕੈਦ ਦੀ ਤਜ਼ਵੀਜ਼ ਹੈ, ਉੱਥੇ ਹੀ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜੇਕਰ ਉਨ੍ਹਾਂ ਦੇ ਆਂਢ-ਗੁਆਂਢ ਕੋਈ ਮਿਲਾਵਟੀ ਸਾਮਾਨ ਵੇਚਦਾ ਜਾਂ ਬਣਾਉਂਦਾ ਹੈ ਤਾਂ ਉਸ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਅੰਮ੍ਰਿਤਸਰ ਤੋਂ ਬਾਹਰਲੇ ਜ਼ਿਲ੍ਹਿਆਂ ਤੋਂ ਖੋਆ ਅਤੇ ਹੋਰ ਸਮੱਗਰੀ ਆਉਂਦੀ ਸੀ ਪਰ ਹੁਣ ਜ਼ਿਲ੍ਹੇ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੁਸਤੈਦੀ ਨਾਲ ਟੀਮਾਂ ਧਿਆਨ ਰੱਖ ਰਹੀਆਂ ਹਨ।