ਕੋਰੋਨਾ ਸ਼ੱਕੀ ਲੜਕੀਆਂ ਕਾਰਣ ਸਿਹਤ ਵਿਭਾਗ ਤੇ ਪ੍ਰਸ਼ਾਸਨ ''ਚ ਹੜਕੰਪ

Saturday, Mar 28, 2020 - 01:17 AM (IST)

ਕੋਰੋਨਾ ਸ਼ੱਕੀ ਲੜਕੀਆਂ ਕਾਰਣ ਸਿਹਤ ਵਿਭਾਗ ਤੇ ਪ੍ਰਸ਼ਾਸਨ ''ਚ ਹੜਕੰਪ

ਅਲਾਵਲਪੁਰ, (ਬੰਗੜ)— ਸ਼ੁੱਕਰਵਾਰ ਇਥੇ ਇਕ ਘਰ 'ਚ ਸ਼ੱਕੀ ਪੀੜਤ ਲੜਕੀਆਂ ਦੇ ਆਉਣ ਦੀ ਸੂਚਨਾ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਸਿਕੰਦਰਪੁਰ ਨਿਵਾਸੀ ਲੜਕੀ ਦਾ ਸਹੁਰਾ ਘਰ ਕੋਰੋਨਾ ਗ੍ਰਸਤ ਪਿੰਡ ਮੋਰਾਂਵਾਲੀ ਹੈ। ਕੁਝ ਦਿਨ ਪਹਿਲਾਂ ਉਹ ਆਪਣੇ ਜੇਠ ਦੀ 12 ਸਾਲਾ ਲੜਕੀ ਨਾਲ ਮਾਪੇ ਘਰ ਪਿੰਡ ਸਿਕੰਦਰਪੁਰ ਆਈ। ਉਸ ਦੇ ਆਉਣ ਦਾ ਪਤਾ ਚੱਲਦੇ ਹੀ ਪਿੰਡ 'ਚ ਹੰਗਾਮਾ ਮਚ ਗਿਆ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਤੁਰੰਤ ਸਿਹਤ ਵਿਭਾਗ ਤੋਂ ਡਾ. ਅਰਪਨਾ ਚੋਡਾ, ਐੱਮ. ਪੀ. ਐੱਚ. ਡਬਲਿਊ. ਡਾ. ਰੁਪਿੰਦਰਪਾਲ ਸਿੰਘ ਦੀ ਟੀਮ ਪਿੰਡ ਸਿੰਕਦਰਪੁਰ ਪਹੁੰਚੀ ਅਤੇ ਪਿੰਡ 'ਚ ਆਈਆਂ ਉਕਤ ਲੜਕੀਆਂ ਤੋਂ ਪੁੱਛਗਿੱਛ ਕੀਤੀ। ਲੜਕੀਆਂ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਠੀਕ ਹਨ। ਇਸ ਤੋਂ ਬਾਅਦ ਹੈਲਥ ਟੀਮ ਨੇ ਮੋਰਾਂਵਾਲੀ ਪਿੰਡ 'ਚ ਕੋਰੋਨਾ ਪੀੜਤ ਪਰਿਵਾਰਾਂ ਅਤੇ ਵਿਅਕਤੀਆਂ ਬਾਰੇ ਜਾਣਕਾਰੀ ਲਈ। ਇਸ ਤੋਂ ਬਾਅਦ ਟੀਮ ਨੇ ਦੋਵੇਂ ਲੜਕੀਆਂ ਸਮੇਤ ਪੂਰੇ ਪਰਿਵਾਰ ਨੂੰ 14 ਦਿਨ ਤੱਕ ਘਰ 'ਚ ਹੀ ਰਹਿਣ ਦੀ ਸਲਾਹ ਦਿੱਤੀ ਅਤੇ ਖਾਂਸੀ, ਜ਼ੁਕਾਮ, ਬੁਖਾਰ ਦੀ ਸ਼ਿਕਾਇਤ ਹੋਣ 'ਤੇ ਤੁਰੰਤ ਸੂਚਨਾ ਦੇਣ ਲਈ ਕਿਹਾ। ਸਿਹਤ ਵਿਭਾਗ ਵੱਲੋਂ ਦੋਵੇਂ ਲੜਕੀਆਂ ਦੀ ਪੁਸ਼ਟੀ ਕਰਨ ਤੋਂ ਬਾਅਦ ਘਰ ਦੇ ਬਾਹਰ ਕੋਵਿਡ-19 ਦਾ ਨੋਟਿਸ ਵੀ ਚਿਪਕਾਇਆ ਗਿਆ। ਉਨ੍ਹਾਂ ਪਿੰਡ ਦੀ ਸਰਪੰਚ ਅਨੀਤਾ ਨੂੰ ਕਿਹਾ ਕਿ ਪਰਿਵਾਰ 'ਤੇ ਨਜ਼ਰ ਰੱਖੀ ਜਾਵੇ।


author

KamalJeet Singh

Content Editor

Related News