ਮਾਨਸਾ ਜ਼ਿਲੇ ਅੰਦਰ ਸਿਹਤ ਵਿਭਾਗ ਵਲੋਂ ਛਾਪੇ ਜਾਰੀ; ਦੁਕਾਨਾਂ ਤੋਂ ਭਰੇ 6 ਸੈਂਪਲ
Saturday, Jun 16, 2018 - 06:20 AM (IST)

ਮਾਨਸਾ(ਸੰਦੀਪ ਮਿੱਤਲ)- 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਸਿਵਲ ਸਰਜਨ ਮਾਨਸਾ ਦੇ ਆਦੇਸ਼ਾਂ 'ਤੇ ਮਾਨਸਾ ਜ਼ਿਲੇ ਅੰਦਰ ਖਾਣ-ਪੀਣ ਦੇ ਸਾਮਾਨ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ 'ਤੇ ਨਾ ਵਰਤੋਂਯੋਗ ਖਾਣ ਵਾਲੇ ਪਦਾਰਥਾਂ ਦੀ ਰੋਕਥਾਮ ਲਈ ਛਾਪੇ ਮਾਰਨੇ ਜਾਰੀ ਹਨ ਅਤੇ ਛਾਪਿਆਂ ਦੌਰਾਨ ਗਲੀਆਂ-ਸੜੀਆਂ ਖਰਾਬ ਸਬਜ਼ੀਆਂ ਅਤੇ ਫਲ ਮੌਕੇ 'ਤੇ ਹੀ ਸੁੱਟਵਾਏ ਜਾ ਰਹੇ ਹਨ। ਸਿਹਤ ਵਿਭਾਗ ਅਸੁਰੱਖਿਅਤ ਭੋਜਨ ਪਦਾਰਥਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਲਈ ਜੁਰਮਾਨਾ ਵੀ ਕਰ ਸਕਦਾ ਹੈ। ਸਿਹਤ ਵਿਭਾਗ ਵਲੋਂ ਇਸ ਵਰਤਾਰੇ ਨਾਲ ਨਜਿੱਠਣ ਲਈ ਲੋੜ ਪੈਣ 'ਤੇ ਟੀਮਾਂ ਵੀ ਗਠਿਤ ਕੀਤੀਆਂ ਜਾ ਸਕਦੀਆਂ ਹਨ। ਫਿਲਹਾਲ ਸਿਹਤ ਵਿਭਾਗ 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਲੋਕਾਂ ਨੂੰ ਸਾਫ-ਸੁਥਰੇ ਅਤੇ ਵਰਤੋਂਯੋਗ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਸ ਵੇਲੇ ਜ਼ਿਲੇ ਅੰਦਰ ਨਾ ਵਰਤੋਂਯੋਗ ਖੁਰਾਕੀ ਪਦਾਰਥ ਵੇਚਣ ਵਾਲਿਆਂ 'ਚ ਹਫੜਾ-ਦਫੜੀ ਦਾ ਮਾਹੌਲ ਹੈ।
ਕਿੱਥੇ-ਕਿੱਥੇ ਹੋਈ ਕਾਰਵਾਈ
ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਦੀ ਅਗਵਾਈ 'ਚ ਮਾਨਸਾ ਜ਼ਿਲੇ ਅੰਦਰ ਵੱਖ-ਵੱਖ ਥਾਵਾਂ 'ਤੇ ਖਾਣ-ਪੀਣ ਦੇ ਸਾਮਾਨ ਵਾਲੀਆਂ ਦੁਕਾਨਾਂ ਅਤੇ ਫਲਾਂ-ਸਬਜ਼ੀਆਂ ਦੇ ਫੜ੍ਹਾਂ 'ਤੇ ਛਾਪੇ ਮਾਰ ਕੇ ਚੈਕਿੰਗ ਦੌਰਾਨ 6 ਵਸਤਾਂ ਦੇ ਸੈਂਪਲ ਭਰੇ, ਜਿਨ੍ਹਾਂ 'ਚ ਵਾਟਰ ਵਰਕਸ ਰੋਡ, ਪਿੰਡ ਕੋਟੜਾ ਕਲਾਂ ਵਿਖੇ ਸਿੰਗਲਾ ਮਿਲਕ ਸੈਂਟਰ ਅਤੇ ਅਜੈਬ ਮਿਲਕ ਸੈਂਟਰ 'ਤੇ ਮਿਕਸਡ ਮਿਲਕ, ਅਸ਼ੋਕ ਮਿਲਕ ਡੇਅਰੀ 'ਤੇ ਪਨੀਰ, ਭਰਪੂਰ ਕਰਿਆਨਾ ਸਟੋਰ 'ਤੇ ਸੈਨਾਪਤੀ ਮਸਟਰਡ ਆਇਲ, ਸ਼੍ਰੀ ਬੀਕਾਨੇਰੀ ਮਿਸ਼ਠਾਨ ਭੰਡਾਰ 'ਤੇ ਮਠਿਆਈ ਅਤੇ ਸੋਨੂੰ ਫਰੂਟ ਸ਼ਾਪ 'ਤੇ ਅੰਬਾਂ ਦੇ ਸੈਂਪਲ ਸ਼ਾਮਲ ਹਨ। ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਦੀ ਟੀਮ 'ਚ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ, ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਸੰਧੂ, ਜ਼ਿਲਾ ਮਾਸ ਮੀਡੀਆ ਅਫ਼ਸਰ ਸੁਖਮਿੰਦਰ ਸਿੰਘ ਅਤੇ ਫੂਡ ਕਲਰਕ ਲਕਸ਼ਵੀਰ ਸਿੰਘ ਆਦਿ ਸ਼ਾਮਲ ਸਨ।
ਕੀ ਕਹਿਣਾ ਹੈ ਸਹਾਇਕ ਸਿਵਲ ਸਰਜਨ ਦਾ
ਸਹਾਇਕ ਸਿਵਲ ਸਰਜਨ ਮਾਨਸਾ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਵਰਤਾਰੇ ਵਾਲਿਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਤਹਿਤ ਅਸੁਰੱਖਿਅਤ ਭੋਜਨ ਪਦਾਰਥਾਂ ਨੂੰ ਵੇਚਣ ਦੇ ਕੇਸ 'ਚ 6 ਮਹੀਨੇ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਅਸੁਰੱਖਿਅਤ ਭੋਜਨ ਨਾਲ ਬੀਮਾਰੀ ਦੇ ਕੇਸ ਵਿਚ 6 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਸੁਰੱਖਿਅਤ ਭੋਜਨ ਨਾਲ ਹੋਣ ਵਾਲੀ ਮੌਤ 'ਤੇ 7 ਸਾਲ ਤੱਕ ਦੀ ਸਜ਼ਾ ਅਤੇ 10 ਲੱਖ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਭੋਜਨ ਤਿਆਰ ਕਰਨ ਵਾਲੇ ਕਾਮਿਆਂ ਨੂੰ ਹਦਾਇਤ ਕੀਤੀ ਕਿ ਭੋਜਨ ਬਣਾਉਣ ਸਮੇਂ ਦਸਤਾਨੇ, ਮਾਸਕ ਅਤੇ ਟੋਪੀ ਪਹਿਨਣੀ ਯਕੀਨੀ ਬਣਾਈ ਜਾਵੇ।