ਹੈਕਰਸ ਨੇ ਪ੍ਰੋਫੈਸਰ ਦੀ ਪਤਨੀ ਦੇ ਅਕਾਊਂਟ ਤੋਂ ਉਡਾਈ 50,000 ਦੀ ਨਕਦੀ

Tuesday, Aug 08, 2017 - 07:47 AM (IST)

ਲੁਧਿਆਣਾ, (ਮਹੇਸ਼)- ਹੈਕਰਸ ਨੇ ਗਡਵਾਸੂ ਦੇ ਪ੍ਰੋਫੈਸਰ ਦੀ ਪਤਨੀ ਦੇ ਅਕਾਊਂਟ ਤੋਂ 50000 ਰੁਪਏ ਦੀ ਨਕਦੀ ਉਡਾ ਲਈ। ਇਹ ਨਕਦੀ ਦਿੱਲੀ ਦੇ ਇਕ ਏ. ਟੀ. ਐੱਮ. ਤੋਂ ਕਢਵਾਈ ਗਈ। ਇਸ ਦਾ ਪਤਾ ਜਦ ਉਨ੍ਹਾਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਸ ਨੇ ਚੋਰੀ, ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਉਨ੍ਹਾਂ ਦੇ ਹੱਥ ਹੁਣ ਤੱਕ ਕੋਈ ਸਫਲਤਾ ਨਹੀਂ ਲੱਗੀ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਂਪਸ 'ਚ ਰਹਿਣ ਵਾਲੇ ਰਾਜ ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕਮਲਜੀਤ ਕੌਰ ਦਾ ਐਕਸਿਸ ਬੈਂਕ ਦੀ ਫੁੱਲਾਂਵਾਲ ਸਥਿਤ ਸ਼ਾਖਾ 'ਚ ਖਾਤਾ ਹੈ। 4 ਅਗਸਤ ਨੂੰ ਉਸ ਦੇ ਖਾਤੇ ਤੋਂ 3 ਟਰਾਂਸਜ਼ੈਕਸ਼ਨਾਂ ਦੇ ਜ਼ਰੀਏ 50,000 ਰੁਪਏ ਦੀ ਨਕਦੀ ਕੱਢਵਾ ਲਈ ਗਈ। ਪਹਿਲੀਆਂ 2 ਟਰਾਂਸਜ਼ੈਕਸ਼ਨਾਂ 'ਚ 20,000-20,000 ਰੁਪਏ ਕੱਢਵਾਏ ਗਏ, ਜਦਕਿ ਤੀਜੀ ਟਰਾਂਸਜ਼ੈਕਸ਼ਨ ਵਿਚ 10,000 ਰੁਪਏ ਕੱਢਵਾਏ ਗਏ।  ਸੁਖਬੀਰ ਨੇ ਦੱਸਿਆ ਕਿ ਉਸ ਦੇ ਖਾਤੇ ਤੋਂ ਏ. ਟੀ. ਐੱਮ. ਦੇ ਜ਼ਰੀਏ ਇਕ ਦਿਨ 'ਚ ਪੈਸੇ ਕੱਢਵਾਉਣ ਦੀ ਲਿਮਿਟ ਸਿਰਫ 50000 ਰੁਪਏ ਹੈ, ਜਦਕਿ ਦੋਸ਼ੀ ਨੇ ਤੀਜੀ ਵਾਰ ਵੀ 20,000 ਰੁਪਏ ਕੱਢਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਿਸਟਮ ਨੇ ਉਸ ਨੂੰ ਰਿਜੈਕਟ ਕਰ ਦਿੱਤਾ, ਜਿਸਦੇ ਬਾਅਦ ਉਸ ਨੇ 10,000 ਰੁਪਏ ਦੀ ਨਕਦੀ ਕੱਢਵਾ ਲਈ। ਇਸ ਗੱਲ ਦਾ ਪਤਾ ਲੱਗਣ 'ਤੇ ਬੈਂਕ ਨਾਲ ਸੰਪਰਕ ਕੀਤਾ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸਾਈਬਰ ਸੈੱਲ ਕਰ ਰਿਹਾ ਹੈ।


Related News