ਮੁੱਖ ਮੰਤਰੀ ਵੱਲੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ

Saturday, Sep 21, 2024 - 03:21 PM (IST)

ਮੁੱਖ ਮੰਤਰੀ ਵੱਲੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦੀ ਮੌਤ ''ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਮਧੂਮਿਤਾ ਦੇ ਦੁਖਦਾਇਕ ਅਤੇ ਬੇਵਕਤੀ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ, ਜਿਨ੍ਹਾਂ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ 53 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤੀ ਅਤੇ ਦੋ ਧੀਆਂ ਛੱਡ ਗਏ। ਇੱਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਧੂਮਿਤਾ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਜੋ ਆਪਣੇ ਪਰਿਵਾਰ ਦੀ ਤਾਕਤ ਅਤੇ ਆਪਣੇ ਪਤੀ ਦੀ ਸਫਲਤਾ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਕਿਹਾ ਕਿ ਇਹ ਸਮਾਜ ਲਈ ਅਤੇ ਖਾਸ ਕਰਕੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਧੂਮਿਤਾ ਇਕ ਪਵਿੱਤਰ ਰੂਹ ਸਨ, ਜਿਨ੍ਹਾਂ ਨੇ ਆਪਣੇ ਪਤੀ ਕੁੰਵਰ ਵਿਜੇ ਪ੍ਰਤਾਪ ਨੂੰ ਬਤੌਰ ਪੁਲਸ ਅਧਿਕਾਰੀ ਅਤੇ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮਾਨਵਤਾ ਦੀ ਮਿਸਾਲੀ ਸੇਵਾ ਕਰਨ ਲਈ ਪੂਰਨ ਸਹਿਯੋਗ ਦਿੱਤਾ। 

ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਦੇ ਮੈਂਬਰਾਂ ਤੇ ਸਾਕ-ਸਨੇਹੀਆਂ ਨੂੰ ਦੁੱਖ ਦੀ ਇਸ ਘੜੀ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ।
 


author

Gurminder Singh

Content Editor

Related News