ਪ੍ਰੋ. ਸੁਖਪ੍ਰੀਤ ਅਗਵਾ ਕਾਂਡ ਬਣਿਆ ਪੁਲਸ ਦੇ ਗਲੇ ਦੀ ਹੱਡੀ

Wednesday, Oct 25, 2017 - 10:31 AM (IST)

ਪ੍ਰੋ. ਸੁਖਪ੍ਰੀਤ ਅਗਵਾ ਕਾਂਡ ਬਣਿਆ ਪੁਲਸ ਦੇ ਗਲੇ ਦੀ ਹੱਡੀ

ਅੰਮ੍ਰਿਤਸਰ (ਸੰਜੀਵ) - ਬਦਲਦੀਆਂ ਤਰੀਕਾਂ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋ. ਸੁਖਪ੍ਰੀਤ ਕੌਰ ਦਾ ਅਗਵਾ ਕਾਂਡ ਜਿਥੇ ਪੁਲਸ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ, ਉਥੇ ਹੀ ਅਗਵਾਕਾਰ ਜਤਿੰਦਰ ਸਿੰਘ ਗੈਰੀ ਵੱਲੋਂ ਕੀਤੀ ਗਈ ਆਤਮਹੱਤਿਆ ਨੇ ਤਾਂ ਇਕ ਵਾਰ ਪੁਲਸ ਦੀ ਜਾਂਚ ਨੂੰ ਰੋਕ ਹੀ ਦਿੱਤਾ ਸੀ ਪਰ ਪੁਲਸ ਹੁਣ ਪੇਚਦਾਰ ਹੋ ਚੁੱਕੇ ਸੁਖਪ੍ਰੀਤ ਅਗਵਾ ਕਾਂਡ ਵਿਚ ਗੈਰੀ ਦੀ ਆਤਮਹੱਤਿਆ ਦੇ ਕਾਰਨਾਂ ਨੂੰ ਸੁਖਪ੍ਰੀਤ ਦੀ ਸੰਭਾਵਿਕ ਹੱਤਿਆ ਨਾਲ ਜੋੜ ਕੇ ਦੇਖ ਰਹੀ ਹੈ। ਅਗਵਾ ਕਾਂਡ ਦੇ 44 ਦਿਨ ਬੀਤ ਜਾਣ ਮਗਰੋਂ ਵੀ ਪੁਲਸ ਦੇ ਹੱਥ ਪ੍ਰੋ. ਸੁਖਪ੍ਰੀਤ ਦਾ ਕੋਈ ਵੀ ਠੋਸ ਸੁਰਾਗ ਨਹੀਂ ਲੱਗ ਸਕਿਆ। ਇਹੋ ਕਾਰਨ ਹੈ ਕਿ ਹੁਣ ਪੁਲਸ ਨੂੰ ਉਸ ਦੇ ਜ਼ਿੰਦਾ ਹੋਣ ਦੀ ਉਮੀਦ ਵੀ ਘੱਟ ਹੀ ਦਿਖਾਈ ਦੇ ਰਹੀ ਹੈ।
ਹਾਲ ਹੀ 'ਚ ਪੁਲਸ ਗੋਆ ਤੋਂ ਗੈਰੀ ਦੀ ਗੱਡੀ ਨੂੰ ਮੋਹਾਲੀ ਸਥਿਤ ਫੋਰੈਂਸਿਕ ਵਿਭਾਗ ਲੈ ਕੇ ਆਈ ਹੈ, ਜਿਥੇ ਗੱਡੀ ਦੀ ਜਾਂਚ ਚੱਲ ਰਹੀ ਹੈ। ਫੋਰੈਂਸਿਕ ਵਿਭਾਗ ਗੈਰੀ ਦੀ ਗੱਡੀ 'ਚੋਂ ਬਲੱਡ ਸੈਂਪਲਾਂ ਦੀ ਭਾਲ ਵਿਚ ਹੈ, ਇਸ ਦੇ ਨਾਲ-ਨਾਲ ਜੀ. ਟੀ. ਰੋਡ 'ਤੇ ਸਥਿਤ ਹੋਟਲ ਜੇ-7 ਦੇ ਉਸ ਕਮਰੇ ਦੀ ਵੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਜਿਥੇ ਗੈਰੀ ਪ੍ਰੋ. ਸੁਖਪ੍ਰੀਤ ਨੂੰ ਅਗਵਾ ਕਰ ਕੇ ਲੈ ਗਿਆ ਸੀ। ਅਗਵਾ ਕਾਂਡ ਦੇ ਬਾਅਦ ਤੋਂ ਹੀ ਪੁਲਸ ਨੇ ਉਸ ਕਮਰੇ ਨੂੰ ਸੀਲ ਕਰ ਦਿੱਤਾ ਸੀ ਜਿਸ ਨੂੰ ਡਾਕਟਰਾਂ ਦੀ ਟੀਮ ਨੇ ਹੁਣ ਖੋਲ੍ਹਿਆ ਅਤੇ ਉਥੋਂ ਕੁਝ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਟਲ ਜੇ-7 ਦੇ ਵੇਟਰ ਨੇ ਪੁਲਸ ਨੂੰ ਇਹ ਦੱਸਿਆ ਸੀ ਕਿ ਗੈਰੀ ਸਵੇਰੇ ਪ੍ਰੋ. ਸੁਖਪ੍ਰੀਤ ਕੌਰ ਦੇ ਨਾਲ ਹੀ ਹੋਟਲ 'ਚੋਂ ਨਿਕਲਿਆ ਸੀ, ਜਿਥੇ ਇਹ ਹੈਰਾਨੀਜਨਕ ਪਹਿਲੂ ਹੈ ਕਿ ਹੋਟਲ ਜੇ-7 ਵੱਲੋਂ ਜੀ. ਟੀ. ਰੋਡ 'ਤੇ ਸਥਿਤ ਜਗਤਜੀਤ ਇੰਡਸਟਰੀ ਦਾ ਰਸਤਾ ਸਿਰਫ 15 ਮਿੰਟ ਦਾ ਹੈ, ਜਦੋਂ ਕਿ ਪੁਲਸ ਜਾਂਚ ਵਿਚ ਟਾਵਰ ਲੋਕੇਸ਼ਨ ਇਹ ਦੱਸਦੀ ਹੈ ਕਿ ਗੈਰੀ ਨੇ ਇਸ 15 ਮਿੰਟ ਦੇ ਸਫਰ ਨੂੰ ਕਰੀਬ ਸਵਾ ਘੰਟੇ ਵਿਚ ਪੂਰਾ ਕੀਤਾ ਸੀ। ਇਸ ਵਿਚ ਗੈਰੀ ਨੇ ਪ੍ਰੋ. ਸੁਖਪ੍ਰੀਤ ਕੌਰ ਦੇ ਨਾਲ ਕੀ ਕੀਤਾ ਇਹ ਵੀ ਪੁਲਸ ਜਾਂਚ ਦਾ ਇਕ ਪਹਿਲੂ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰੋ. ਸੁਖਪ੍ਰੀਤ ਦੇ ਅਗਵਾ ਕਾਂਡ ਨੂੰ ਇੰਸਪੈਕਟਰ ਪ੍ਰਵੇਸ਼ ਚੋਪੜਾ ਦੀ ਟੀਮ ਪਿਛਲੇ 44 ਦਿਨਾਂ ਤੋਂ ਸੁਲਝਾਉਣ ਵਿਚ ਜੁਟੀ ਹੋਈ ਹੈ। ਹਰੇਕ ਪਹਿਲੂ ਦੀ ਗੰਭੀਰਤਾ ਨਾਲ ਜਾਂਚ-ਪੜਤਾਲ ਚੱਲ ਰਹੀ ਹੈ ਪਰ ਹੈਰਾਨੀ ਇਹ ਹੈ ਕਿ ਸਖਤ ਮਿਹਨਤ ਉਪਰੰਤ ਵੀ ਟੀਮ ਦੇ ਹੱਥ ਜਿਥੇ ਕੋਈ ਵੀ ਸੁਰਾਗ ਨਹੀਂ ਲੱਗਾ, ਉਥੇ ਹੀ ਪੁਲਸ ਨੂੰ ਹੁਣ ਇਹ ਡਰ ਵੀ ਸਤਾਉਣ ਲੱਗਾ ਹੈ ਕਿ ਕਿਤੇ ਅਗਵਾਕਾਰ ਗੈਰੀ ਨੇ ਪ੍ਰੋ. ਸੁਖਪ੍ਰੀਤ ਦੀ ਹੱਤਿਆ ਤਾਂ ਨਹੀਂ ਕਰ ਦਿੱਤੀ।
ਗੈਰੀ ਵੱਲੋਂ ਆਤਮਹੱਤਿਆ ਕਰ ਲੈਣ ਤੋਂ ਬਾਅਦ ਪ੍ਰੋ. ਸੁਖਪ੍ਰੀਤ ਕੌਰ ਦੇ ਪੁਲਸ ਦੇ ਸਾਹਮਣੇ ਆਉਣ ਪਿੱਛੇ ਕੋਈ ਵੀ ਅਜਿਹਾ ਡਰ ਦਿਖਾਈ ਨਹੀਂ ਦੇ ਰਿਹਾ ਹੈ ਪਰ ਇਸ ਦੇ ਬਾਵਜੂਦ ਜੇਕਰ ਉਹ ਕਿਤੇ ਵੀ ਹੈ ਤਾਂ ਉਹ ਕਿਉਂ ਆਪਣੇ ਘਰ ਵਾਲਿਆਂ ਅਤੇ ਪੁਲਸ ਨਾਲ ਸੰਪਰਕ ਨਹੀਂ ਕਰ ਸਕੀ, ਇਹ ਵੀ ਜਾਂਚ ਵਿਚ ਇਕ ਵੱਡਾ ਸਵਾਲ ਹੈ। 
ਕੀ ਕਹਿਣਾ ਹੈ ਏ. ਡੀ. ਸੀ. ਪੀ. ਦਾ?
ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਦੀਆਂ ਟੀਮਾਂ ਲਗਾਤਾਰ ਪ੍ਰੋ. ਸੁਖਪ੍ਰੀਤ ਅਗਵਾ ਕਾਂਡ ਨੂੰ ਸੁਲਝਾਉਣ ਵਿਚ ਜੁਟੀਆਂ ਹੋਈਆਂ ਹਨ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਹੋਟਲ ਜੇ-7 ਤੋਂ ਪਿੰਜੌਰ ਦੀਆਂ ਖੱਡਾਂ ਨੂੰ ਖੰਗਾਲਣ ਦੇ ਨਾਲ-ਨਾਲ ਹਰ ਉਸ ਪਹਿਲੂ ਦੀ ਜਾਂਚ ਕੀਤੀ ਹੈ ਜਿਥੋਂ ਗੈਰੀ ਪ੍ਰੋਫੈਸਰ ਨੂੰ ਲੈ ਕੇ ਨਿਕਲਿਆ ਸੀ, ਹੁਣ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਸੁਰਾਗ ਨਿਕਲਣ ਦੀ ਸੰਭਾਵਨਾ ਹੈ, ਜਿਸ ਦੇ ਆਧਾਰ 'ਤੇ ਪੁਲਸ ਅਗਲੀ ਕਾਰਵਾਈ ਕਰੇਗੀ।


Related News