ਕਹਿਰ ਓ ਰੱਬਾ! ਗੁਰਦੁਆਰਾ ਸਾਹਿਬ ''ਚ ਵਾਪਰ ਗਈ ਅਣਹੋਣੀ, ਸੇਵਾਦਾਰ ਦੀ ਦਰਦਨਾਕ ਮੌਤ

Tuesday, Apr 14, 2026 - 05:09 PM (IST)

ਕਹਿਰ ਓ ਰੱਬਾ! ਗੁਰਦੁਆਰਾ ਸਾਹਿਬ ''ਚ ਵਾਪਰ ਗਈ ਅਣਹੋਣੀ, ਸੇਵਾਦਾਰ ਦੀ ਦਰਦਨਾਕ ਮੌਤ

ਲੁਧਿਆਣਾ (ਰਾਜ): ਦੁਗਰੀ ਰੋਡ ਸਥਿਤ ਕਰਤਾਰ ਨਗਰ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਚ ਵਿਸਾਖੀ ਦੇ ਪਾਵਨ ਤਿਉਹਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ, ਜਦੋਂ ਇਕ ਦਰਦਨਾਕ ਹਾਦਸੇ ਵਿਚ ਗੁਰੂ ਘਰ ਦੇ ਸੇਵਾਦਾਰ ਦੀ ਜਾਨ ਚਲੀ ਗਈ। ਮੰਗਲਵਾਰ ਸਵੇਰੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਦੌਰਾਨ ਕ੍ਰੇਨ ਦੀ ਲੋਹੇ ਦੀ ਤਾਰ ਅਚਾਨਕ ਟੁੱਟ ਗਈ, ਜਿਸ ਕਾਰਨ ਸੇਵਾਦਾਰ ਮਨਿੰਦਰ ਸਿੰਘ ਕਰੀਬ 60 ਫੁੱਟ ਦੀ ਉਚਾਈ ਤੋਂ ਸਿੱਧਾ ਫਰਸ਼ 'ਤੇ ਆ ਡਿੱਗੇ। ਸਿਰ ਅਤੇ ਸਰੀਰ 'ਤੇ ਆਈਆਂ ਗੰਭੀਰ ਸੱਟਾਂ ਕਾਰਨ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਮਨਿੰਦਰ ਸਿੰਘ (40) ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਪਿਛਲੇ 12 ਸਾਲਾਂ ਤੋਂ ਪੂਰੀ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਵਿਚ ਸੇਵਾ ਨਿਭਾਅ ਰਹੇ ਸਨ। ਮੰਗਲਵਾਰ ਸਵੇਰੇ ਕਰੀਬ 9 ਵਜੇ ਉਹ ਹਮੇਸ਼ਾ ਵਾਂਗ ਉਤਸ਼ਾਹ ਨਾਲ ਸੇਵਾ ਲਈ ਨਿਕਲੇ ਸਨ। ਮਨਿੰਦਰ ਨੇ 80 ਫੁੱਟ ਦੀ ਉਚਾਈ 'ਤੇ ਜਾ ਕੇ ਨਵਾਂ ਚੋਲਾ ਚੜ੍ਹਾ ਦਿੱਤਾ ਸੀ ਅਤੇ ਅੰਤਿਮ ਗੰਢ ਬੰਨ੍ਹ ਹੀ ਰਹੇ ਸਨ ਕਿ ਜਿਸ ਕ੍ਰੇਨ ਦੇ ਸਹਾਰੇ ਉਹ ਉੱਪਰ ਟਿਕੇ ਸਨ, ਉਸ ਦੀ ਤਾਰ ਅਚਾਨਕ ਜਵਾਬ ਦੇ ਗਈ। ਪਲਕ ਝਪਕਦੇ ਹੀ ਮਨਿੰਦਰ ਹੇਠਾਂ ਆ ਡਿੱਗੇ ਅਤੇ ਸੰਗਤ ਵਿਚ ਚੀਕ-ਚਿਹਾੜਾ ਮਚ ਗਿਆ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News