ਲੁਧਿਆਣਾ ਦੇ ਮੈਡੀਕਲ ਸਟੋਰਾਂ ਦੀ ਕੀਤੀ ਗਈ ਵਿਸ਼ੇਸ਼ ਚੈਕਿੰਗ
Saturday, Oct 24, 2026 - 03:11 PM (IST)
ਲੁਧਿਆਣਾ (ਵਿੱਕੀ): ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐੱਮ.ਟੀ.ਪੀ.) ਕਿੱਟਾਂ ਦੀ ਗੈਰ-ਕਾਨੂੰਨੀ ਵਿਕਰੀ, ਖਰੀਦ ਅਤੇ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਜੀਵਨੀ ਤਹਿਤ ਜਾਂਚ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਦੇ ਤਹਿਤ ਲੁਧਿਆਣਾ-2 ਦੇ ਡਰੱਗਜ਼ ਕੰਟਰੋਲ ਅਫ਼ਸਰ ਅਮਰਜੀਤ ਸਿੰਘ ਵੱਲੋਂ ਪਿੰਡ ਗੋਬਿੰਦਗੜ੍ਹ, ਲੁਧਿਆਣਾ ਵਿਖੇ ਦੋ ਮੈਡੀਕਲ ਸਟੋਰਾਂ ਜਿਨ੍ਹਾਂ ਵਿਚ ਮੈਸਰਜ਼ ਬਾਵਾ ਜੀ ਮੈਡੀਕਲ ਹਾਲ ਅਤੇ ਮੈਸਰਜ਼ ਨਵਜੋਤ ਮੈਡੀਕਲ ਸਟੋਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਮੈਸਰਜ਼ ਬਾਵਾ ਜੀ ਮੈਡੀਕਲ ਹਾਲ ਵਿਖੇ ਇਕ ਐਮ.ਟੀ.ਪੀ. ਕਿੱਟ ਵਿਕਰੀ ਅਤੇ ਵੰਡ ਲਈ ਸਟਾਕ ਕੀਤੀ ਹੋਈ ਪਾਈ ਗਈ। ਇਸ ਤੋਂ ਇਲਾਵਾ ਦੋਵਾਂ ਮੈਡੀਕਲ ਸਟੋਰਾਂ ਵਿਚ ਹੋਰ ਆਮ ਉਲੰਘਣਾਵਾਂ ਵੀ ਸਾਹਮਣੇ ਆਈਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਸ਼ਨ ਜੀਵਨੀ ਤਹਿਤ ਇਹ ਮੁਹਿੰਮ ਮਹਿਲਾਵਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ, ਐੱਮ.ਟੀ.ਪੀ. ਕਿੱਟਾਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਨੂੰ ਰੋਕਣ ਅਤੇ ਸਬੰਧਤ ਕਾਨੂੰਨੀ ਪ੍ਰਬੰਧਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਡੀਕਲ ਸਟੋਰ ਸੰਚਾਲਕਾਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਨਿਰੀਖਣ ਜਾਰੀ ਰਹਿਣਗੇ ਤਾਂ ਜੋ ਦਵਾਈਆਂ ਦੀ ਵਿਕਰੀ ਵਿਚ ਕਾਨੂੰਨੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕੀਤੀ ਜਾ ਸਕੇ।
