36 ਘੰਟਿਆਂ ਦੀ ਮੈਰਾਥਨ ਦੌੜ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗਾ ਜਸਕਰਨ ਸਿੰਘ!

Friday, Oct 30, 2026 - 02:47 PM (IST)

36 ਘੰਟਿਆਂ ਦੀ ਮੈਰਾਥਨ ਦੌੜ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗਾ ਜਸਕਰਨ ਸਿੰਘ!

ਖੰਨਾ (ਬਿਪਨ): ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਲਈ ਖੰਨਾ ਨੇੜਲੇ ਪਿੰਡ ਤੰਦਾ ਬੱਧਾ ਦਾ ਰਹਿਣ ਵਾਲਾ ਜਸਕਰਨ ਸਿੰਘ ਮੈਰਾਥਨ ਦੌੜ ਲਗਾ ਕੇ 36 ਘੰਟਿਆਂ ਵਿਚ ਸ੍ਰੀ ਦਰਬਾਰ ਸਾਹਿਬ ਪਹੁੰਚਣ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ। ਖੰਨਾ ਪਹੁੰਚਣ ’ਤੇ ਭਾਰਤ ਵਿਕਾਸ ਪ੍ਰੀਸ਼ਦ ਅਤੇ ਸ਼ਹਿਰ ਵਾਸੀਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ।

ਜਸਕਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਦੌਰਾਨ 6 ਵਾਰ 100 ਕਿੱਲੋਮੀਟਰ ਦੀ ਮੈਰਾਥਨ ਦੌੜ ਪੂਰੀ ਕਰ ਚੁੱਕਾ ਹੈ। ਇਸ ਤੋਂ ਇਲਾਵਾ, ਉਹ ਸ਼ਿਮਲਾ ਵਿੱਚ ਵੀ ਮੈਰਾਥਨ ਦੌੜ ਵਿੱਚ ਹਿੱਸਾ ਲੈ ਚੁੱਕਾ ਹੈ, ਜਿੱਥੇ ਉਸ ਨੇ ਪੰਜਵਾਂ ਸਥਾਨ ਹਾਸਲ ਕੀਤਾ ਸੀ। ਉਸ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਸ ਨੇ ਆਪਣਾ ਭਾਰ ਘਟਾਉਣ ਲਈ ਦੌੜਨਾ ਸ਼ੁਰੂ ਕੀਤਾ ਸੀ, ਪਰ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਉਹ ਇਸ ਖੇਤਰ ਵਿੱਚ ਹੋਰ ਵੀ ਵਧੀਆ ਕਰ ਸਕਦਾ ਹੈ। ਇਸ ਤੋਂ ਬਾਅਦ ਮੈਰਾਥਨ ਦੌੜ ਉਸ ਦਾ ਸ਼ੌਕ ਬਣ ਗਈ ਅਤੇ ਉਹ ਲਗਾਤਾਰ ਇਸ ਵਿੱਚ ਹਿੱਸਾ ਲੈਣ ਲੱਗਾ।

ਜਸਕਰਨ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਮਲਾਲ ਹੈ ਕਿ ਪਿੰਡ ਦੇ ਨੇੜੇ ਖੇਡ ਮੈਦਾਨ ਜਾਂ ਕੋਚ ਦੀ ਸਹੂਲਤ ਨਹੀਂ ਹੈ। ਜੇਕਰ ਇਹ ਸਹੂਲਤਾਂ ਉਪਲਬਧ ਹੋਣ ਤਾਂ ਉਸ ਨੂੰ ਕੋਚਿੰਗ ਲੈਣ ਲਈ ਮੁਹਾਲੀ ਨਾ ਜਾਣਾ ਪਵੇ। ਉਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਹੈ।

ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਕਾਂਸਲ ਨੇ ਜਸਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀ ਇਹ ਦੌੜ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ 36 ਘੰਟਿਆਂ ਵਿਚ ਸ੍ਰੀ ਦਰਬਾਰ ਸਾਹਿਬ ਪਹੁੰਚਣ ਦਾ ਟੀਚਾ ਹਾਸਲ ਕਰਨ ਲਈ ਜਸਕਰਨ ਵੱਲੋਂ ਕੀਤੀ ਜਾ ਰਹੀ ਮਿਹਨਤ ਸ਼ਲਾਘਾਯੋਗ ਹੈ।

ਇਸੇ ਦੌਰਾਨ ਭਾਜਪਾ ਆਗੂਆਂ ਨੇ ਵੀ ਜਸਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਜਸਕਰਨ ਤੋਂ ਪ੍ਰੇਰਨਾ ਲੈਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਜਸਕਰਨ ਨੂੰ ਭਵਿੱਖ ਵਿੱਚ ਜਦੋਂ ਵੀ ਕਿਸੇ ਸਹਾਇਤਾ ਦੀ ਲੋੜ ਪਵੇਗੀ, ਉਹ ਉਸ ਦੇ ਨਾਲ ਖੜ੍ਹੇ ਰਹਿਣਗੇ।


author

Anmol Tagra

Content Editor

Related News