ਵੱਡੀ ਕਾਰਵਾਈ! ਗੁਰਦੀਪ ਸਿੰਘ ਰਾਣੋ ਦੀ ਅਲੀਸ਼ਾਨ ਕੋਠੀ ''ਤੇ ਚੱਲਿਆ ਬੁਲਡੋਜ਼ਰ
Monday, Jun 01, 2026 - 03:14 PM (IST)
ਪਾਇਲ (ਵਿਨਾਇਕ): ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਅਤੇ ਪੰਜਾਬ ਪੁਲਸ ਨੇ ਸਾਂਝੀ ਕਾਰਵਾਈ ਕਰਦਿਆਂ ਪਾਇਲ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਰਾਣੋ ਵਿਚ ਸਾਬਕਾ ਸਰਪੰਚ ਅਤੇ ਕਥਿਤ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦੇ ਮੁੱਖ ਸਰਗਨਾ ਗੁਰਦੀਪ ਸਿੰਘ ਰਾਣੋ ਦੀਆਂ ਗੈਰ-ਕਾਨੂੰਨੀ ਉਸਾਰੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ। ਸਰਕਾਰੀ ਸੂਤਰਾਂ ਅਨੁਸਾਰ ਗੁਰਦੀਪ ਸਿੰਘ ਰਾਣੋ ਵੱਲੋਂ ਨਸ਼ਾ ਤਸਕਰੀ ਰਾਹੀਂ ਕਥਿਤ ਤੌਰ ’ਤੇ ਇਕੱਠੀ ਕੀਤੀ ਗਈ ਅਕੂਤ ਦੌਲਤ ਨਾਲ ਬਣਾਈ ਗਈ ਆਲੀਸ਼ਾਨ ਕੋਠੀ, ਫਾਰਮ ਹਾਊਸ ਅਤੇ ਹੋਰ ਜਾਇਦਾਦਾਂ ਦੀ ਪਹਿਲਾਂ ਵਿਸਥਾਰਪੂਰਵਕ ਪੈਮਾਇਸ਼ ਕੀਤੀ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਪਿੰਡ ਰਾਣੋ ਵਿਖੇ 1.5 ਏਕੜ ਤੋਂ ਵੱਧ ਖੇਤਰ ਵਿੱਚ ਫੈਲੀ ਮਹਿਲਨੁਮਾ ਕੋਠੀ ਅਤੇ ਹੋਰ ਉਸਾਰੀਆਂ ਦਾ ਨਕਸ਼ਾ ਸੰਬੰਧਿਤ ਅਥਾਰਟੀ ਤੋਂ ਮਨਜ਼ੂਰ ਨਹੀਂ ਕਰਵਾਇਆ ਗਿਆ ਸੀ ਅਤੇ ਨਿਰਮਾਣ ਨਿਯਮਾਂ ਦੀ ਉਲੰਘਣਾ ਕਰਕੇ ਕੀਤਾ ਗਿਆ ਸੀ। ਗਲਾਡਾ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਇਨ੍ਹਾਂ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣ ਲਈ ਬੁਲਡੋਜ਼ਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜ਼ਿਕਰਯੋਗ ਹੈ ਕਿ ਇਸ ਜਾਇਦਾਦ ਨੂੰ ਢਾਹੁਣ ਤੋਂ ਰੋਕਣ ਲਈ ਪਰਿਵਾਰ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਸੀ, ਪਰ ਸੰਬੰਧਿਤ ਰਿੱਟ ਪਟੀਸ਼ਨ ਖਾਰਜ ਹੋਣ ਮਗਰੋਂ ਸਰਕਾਰੀ ਏਜੰਸੀਆਂ ਲਈ ਕਾਰਵਾਈ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ।
ਪੁਲਸ ਰਿਕਾਰਡ ਅਨੁਸਾਰ ਗੁਰਦੀਪ ਸਿੰਘ ਰਾਣੋ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਸਾਲ 2020 ਵਿੱਚ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਵੱਲੋਂ ਉਸ ਨੂੰ ਲਗਭਗ 31 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕਾਰਵਾਈ ਦੌਰਾਨ ਹੈਰੋਇਨ ਦੇ ਨਾਲ-ਨਾਲ ਗੈਰ-ਕਾਨੂੰਨੀ ਹਥਿਆਰਾਂ ਅਤੇ ਲਗਜ਼ਰੀ ਵਾਹਨਾਂ ਦਾ ਵੀ ਵੱਡਾ ਜ਼ਖੀਰਾ ਬਰਾਮਦ ਹੋਇਆ ਸੀ। ਇਸ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਤੋਂ ਲੈ ਕੇ ਦੇਸ਼ ਅਤੇ ਵਿਦੇਸ਼ ਤੱਕ ਫੈਲੇ ਉਸ ਦੇ ਕਥਿਤ ਬਹੁ-ਕਰੋੜੀ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਹੋਇਆ ਸੀ। ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰਾਣੋ ਨੇ ਕਥਿਤ ਤੌਰ ’ਤੇ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਲਗਭਗ 50 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਇਕੱਠੀ ਕੀਤੀ ਸੀ। ਇਸ ਵਿੱਚ ਸ਼ਾਨਦਾਰ ਕੋਠੀਆਂ, ਫਾਰਮ ਹਾਊਸ, ਪਲਾਟ, ਖੇਤੀਬਾੜੀ ਜ਼ਮੀਨਾਂ ਅਤੇ ਮਹਿੰਗੀਆਂ ਗੱਡੀਆਂ ਸ਼ਾਮਲ ਹਨ। ਇਸੇ ਕਾਰਨ ਹੁਣ ਉਸ ਦੀਆਂ ਸਾਰੀਆਂ ਚੱਲ ਅਤੇ ਅਚੱਲ ਸੰਪਤੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਅਤੇ ਜਾਂਚ ਏਜੰਸੀਆਂ ਦੀ ਪੁੱਛਗਿੱਛ ਦੌਰਾਨ ਇਹ ਖੁਲਾਸਾ ਵੀ ਹੋਇਆ ਸੀ ਕਿ ਨਸ਼ਾ ਤਸਕਰੀ ਲਈ ਵਰਤੀ ਜਾਂਦੀ ਵੱਡੀ ਮਾਲੀ ਸਹਾਇਤਾ ਵਿਦੇਸ਼ਾਂ ਵਿੱਚ ਬੈਠੇ ਗੈਰ ਕਾਨੂੰਨੀ ਅਨਸਰਾਂ ਵੱਲੋਂ ਹਵਾਲਾ ਰਾਹੀਂ ਭੇਜੀ ਜਾਂਦੀ ਸੀ। ਕੈਨੇਡਾ, ਅਮਰੀਕਾ, ਜਰਮਨੀ, ਇੰਗਲੈਂਡ, ਆਸਟਰੀਆ ਅਤੇ ਆਸਟਰੇਲੀਆ ਤੋਂ ਆਉਣ ਵਾਲੀ ਇਸ ਰਕਮ ਦੇ ਆਧਾਰ ’ਤੇ ਕਥਿਤ ਤੌਰ ’ਤੇ ਤਸਕਰੀ ਨੈੱਟਵਰਕ ਨੂੰ ਚਲਾਇਆ ਜਾਂਦਾ ਰਿਹਾ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਕਾਊਂਟਰ ਇੰਟੈਲੀਜੈਂਸ ਸਮੇਤ ਕਈ ਏਜੰਸੀਆਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਇਸ ਨੈੱਟਵਰਕ ਦੇ ਤਾਰ ਸਰਹੱਦ ਪਾਰ ਪਾਕਿਸਤਾਨ ਨਾਲ ਜੁੜੇ ਹੋਏ ਸਨ।
ਪੁਲਸ ਅਨੁਸਾਰ ਰਾਣੋ ਦਾ ਨੈੱਟਵਰਕ ਪੰਜਾਬ ਦੇ ਨਾਲ-ਨਾਲ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ ਅਤੇ ਮੁਹਾਲੀ ਤੱਕ ਫੈਲਿਆ ਹੋਇਆ ਸੀ। ਨਸ਼ਿਆਂ ਦੇ ਕਾਰੋਬਾਰ ਤੋਂ ਪ੍ਰਾਪਤ ਹੋਈ ਰਕਮ ਨੂੰ ਵੱਖ-ਵੱਖ ਜਾਇਦਾਦਾਂ ਅਤੇ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਦੇ ਵੀ ਤੱਥ ਸਾਹਮਣੇ ਆਏ ਹਨ ਅਤੇ ਹੁਣ ਇਨ੍ਹਾਂ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਬੁਲਡੋਜ਼ਰ ਕਾਰਵਾਈ ਦੌਰਾਨ ਪੁਲਸ ਜ਼ਿਲ੍ਹਾ ਖੰਨਾ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਭਾਰੀ ਪੁਲਸ ਫੋਰਸ ਤਾਇਨਾਤ ਰਹੀ। ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੇ ਇਲਾਕੇ ਨੂੰ ਸੁਰੱਖਿਆ ਘੇਰੇ ਵਿਚ ਲਿਆ ਗਿਆ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ।
ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਪੁਲਸ ਨਸ਼ਾ ਮਾਫੀਆ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਵੀ ਕਾਨੂੰਨ ਅਨੁਸਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਜੋ ਅਜਿਹੇ ਅਪਰਾਧਿਕ ਨੈੱਟਵਰਕਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜੀ ਜਾ ਸਕੇ। ਜਦਕਿ ਦੂਜੇ ਪਾਸੇ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਰਾਹੀਂ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਦੇ ਯਤਨ ਵੀ ਜਾਰੀ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਨਾਲ ਸਬੰਧਿਤ ਕਿਸੇ ਵੀ ਗਤੀਵਿਧੀ ਬਾਰੇ ‘ਸੇਫ ਪੰਜਾਬ’ ਐਪ ਜਾਂ ਹੈਲਪਲਾਈਨ ਨੰਬਰ 112 ’ਤੇ ਜਾਣਕਾਰੀ ਦੇਣ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।
