10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

02/14/2020 4:15:56 PM

ਗੁਰਦਾਸਪੁਰ (ਵਿਨੋਦ) : ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਬਹਿਰਾਮਪੁਰ ਪੁਲਸ ਸਟੇਸ਼ਨ ਇੰਚਾਰਜ ਮੁਖਤਿਆਰ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਨਿਰੋਧਕ ਕਾਨੂੰਨ ਅਧੀਨ ਕੇਸ ਦਰਜ ਕਰ ਕੇ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੂੰ ਰਿਸ਼ਵਤ ਵਿਚ ਲਏ 10 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਕਰ ਲਿਆ ਹੈ ਜਦਕਿ ਹਾਲੇ ਥਾਣਾ ਇੰਚਾਰਜ ਹੱਥ ਨਹੀਂ ਲੱਗਾ।

ਕੀ ਹੈ ਮਾਮਲਾ - ਵਿਜੀਲੈਂਸ ਵਿਭਾਗ ਦੇ ਸੂਤਰਾਂ ਅਨੁਸਾਰ ਇਕ ਵਿਅਕਤੀ ਸਰਬਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਨਿਵਾਸੀ ਪਿੰਡ ਛੋਟਾ ਮੱਟਮ ਦੇ ਖਿਲਾਫ ਬਹਿਰਾਮਪੁਰ ਪੁਲਸ ਸਟੇਸ਼ਨ ਵਿਚ 29 ਜਨਵਰੀ 2020 ਨੂੰ ਧਾਰਾ 323, 324, 427, 452 ਅਤੇ 506 ਅਧੀਨ ਕੇਸ ਦਰਜ ਕੀਤਾ ਗਿਆ ਸੀ, ਜੋ ਮੁਨੀਸ਼ ਕੁਮਾਰ ਪੁੱਤਰ ਕੁਲਵੰਤ ਨਿਵਾਸੀ ਛੋਟਾ ਮੱਟਮ ਦੇ ਬਿਆਨ ’ਤੇ ਹੋਇਆ ਸੀ। ਇਸ ਦਰਜ ਕੇਸ ਦੇ ਖਿਲਾਫ ਸਰਬਜੀਤ ਸਿੰਘ ਨੇ 181 ’ਤੇ ਸ਼ਿਕਾਇਤ ਕੀਤੀ ਸੀ ਕਿ ਬਹਿਰਾਮਪੁਰ ਪੁਲਸ ਨੇ ਉਸ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ। ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਕੋਲ ਸੀ, ਜੋ ਬਹਿਰਾਮਪੁਰ ਪੁਲਸ ਸਟੇਸ਼ਨ ਵਿਚ ਤਾਇਨਾਤ ਸੀ। ਜਾਂਚ ਅਧਿਕਾਰੀ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਸ਼ਿਕਾਇਤਕਰਤਾ ਸਰਬਜੀਤ ਸਿੰਘ ਤੋਂ ਉਸ ਦੇ ਪੱਖ ਵਿਚ ਰਿਪੋਰਟ ਕਰਨ ਲਈ 10,000 ਰੁਪਏ ਦੀ ਮੰਗ ਕਰਦਾ ਸੀ ਅਤੇ ਕਹਿੰਦਾ ਸੀ ਕਿ 5 ਹਜ਼ਾਰ ਰੁਪਏ ਉਸ ਨੇ ਲੈਣੇ ਹਨ ਅਤੇ 5 ਹਜ਼ਾਰ ਰੁਪਏ ਪੁਲਸ ਸਟੇਸ਼ਨ ਇੰਚਾਰਜ ਮੁਖਤਿਆਰ ਸਿੰਘ ਨੂੰ ਦੇਣੇ ਪੈਣਗੇ।

ਕਿਵੇ ਹੋਇਆ ਵਿਜੀਲੈਂਸ ਵਿਭਾਗ ਦਾ ਆਪ੍ਰੇਸ਼ਨ - ਪੀਡ਼ਤ ਸਰਬਜੀਤ ਸਿੰਘ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਕੋਲ ਕੀਤੀ, ਜਿਸ ’ਤੇ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੀ ਡੀ. ਐੱਸ. ਪੀ. ਕਮਲਜੀਤ ਕੌਰ ਦੇ ਛੁੱਟੀ ’ਤੇ ਹੋਣ ਕਾਰਣ ਡੀ. ਐੱਸ. ਪੀ. ਵਿਜੀਲੈਂਸ ਅੰਮ੍ਰਿਤਸਰ ਤਜਿੰਦਰ ਸਿੰਘ ਦੀ ਵਿਸ਼ੇਸ਼ ਰੂਪ ਵਿਚ ਡਿਊਟੀ ਇਸ ਟਰੈਪ ਲਈ ਲਾਈ ਗਈ। ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਤਜਿੰਦਰ ਸਿੰਘ ਨੇ ਨਿਸ਼ਾਨ ਲੱਗੇ 10 ਹਜ਼ਾਰ ਰੁਪਏ ਦੇ ਕੇ ਸਰਬਜੀਤ ਸਿੰਘ ਨੂੰ ਉਕਤ ਪੁਲਸ ਅਧਿਕਾਰੀਆਂ ਨੂੰ ਦੇਣ ਲਈ ਭੇਜਿਆ। ਜਦ ਸ਼ਿਕਾਇਤਕਰਤਾ ਸਰਬਜੀਤ ਸਿੰਘ ਨੇ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੂੰ ਪੈਸੇ ਦੇਣ ਲਈ ਸੰਪਰਕ ਕੀਤਾ ਤਾਂ ਹਰਜਿੰਦਰ ਸਿੰਘ ਨੇ ਕਿਹਾ ਕਿ ਦੀਨਾਨਗਰ ਬੱਸ ਸਟੈਂਡ ’ਤੇ ਆ ਜਾਓ ਪਰ ਜਦ ਸਰਬਜੀਤ ਸਿੰਘ ਦੀਨਾਨਗਰ ਬੱਸ ਸਟੈਂਡ ਵਿਖੇ ਪਹੁੰਚਿਆ ਤਾਂ ਹਰਜਿੰਦਰ ਸਿੰਘ ਨਾਲ ਮੋਬਾਇਲ ’ਤੇ ਸੰਪਰਕ ਕਰਨ ’ਤੇ ਉਸ ਨੇ ਕਿਹਾ ਕਿ ਉਹ ਗੁਰਦਾਸਪੁਰ ਆ ਗਿਆ ਹੈ, ਇਸ ਲਈ ਉਹ ਜੇਲ ਰੋਡ ’ਤੇ ਡਾਲਾ ਫਾਰਮ ਦੇ ਕੋਲ ਆ ਜਾਵੇ। ਜਦ ਉਹ ਗੁਰਦਾਸਪੁਰ ਜੇਲ ਰੋਡ ਸਥਿਤ ਡਾਲਾ ਫਾਰਮ ਦੇ ਕੋਲ ਪਹੁੰਚਿਆ ਤਾਂ ਉੱਥੇ ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਮਿਲ ਗਿਆ। ਜਿਵੇਂ ਹੀ ਸਰਬਜੀਤ ਸਿੰਘ ਨੇ ਉਸ ਨੂੰ 10 ਹਜ਼ਾਰ ਰੁਪਏ ਦੇ ਦਿੱਤੇ ਤਾਂ ਉਸ ਨੇ ਵਿਜੀਲੈਂਸ ਵਿਭਾਗ ਦੀ ਟੀਮ ਨੂੰ ਇਸ਼ਾਰਾ ਕਰ ਦਿੱਤਾ। ਇਸ਼ਾਰਾ ਮਿਲਦੇ ਹੀ ਡੀ. ਐੱਸ. ਪੀ. ਤਜਿੰਦਰ ਸਿੰਘ, ਇੰਸਪੈਕਟਰ ਵਿਜੇ ਪਾਲ ਅਤੇ ਸਹਾਇਕ ਸਬ-ਇੰਸਪੈਕਟਰ ਖੁਸ਼ਹਾਲ ਸਿੰਘ ਦੀ ਅਗਵਾਈ ਵਿਚ ਗਈ ਟੀਮ ਨੇ ਹਰਜਿੰਦਰ ਸਿੰਘ ਨੂੰ ਕਾਬੂ ਕਰ ਕੇ ਸਰਕਾਰੀ ਗਵਾਹਾਂ ਦੇ ਸਾਹਮਣੇ ਨਿਸ਼ਾਨ ਲੱਗੇ 10 ਹਜ਼ਾਰ ਰੁਪਏ ਬਰਾਮਦ ਕਰ ਲਏ।

ਕੀ ਕਿਹਾ ਡੀ. ਐੱਸ. ਪੀ. ਤਜਿੰਦਰ ਸਿੰਘ ਨੇ- ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਤਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਸਹਾਇਕ ਸਬ-ਇੰਸਪੈਕਟਰ ਨੇ ਪੁੱਛਗਿਛ ਵਿਚ ਬਿਆਨ ਦਿੱਤਾ ਹੈ ਕਿ ਉਸ ਤੋਂ ਜੋ ਰਾਸ਼ੀ ਬਰਾਮਦ ਹੋਈ ਹੈ ਉਸ ਵਿਚੋਂ 5 ਹਜ਼ਾਰ ਰੁਪਏ ਬਹਿਰਾਮਪੁਰ ਪੁਲਸ ਸਟੇਸ਼ਨ ਇੰਚਾਰਜ ਮੁਖਤਿਆਰ ਸਿੰਘ ਨੇ ਲੈਣੇ ਸੀ। ਡੀ. ਐੱਸ. ਪੀ. ਨੇ ਦੱਸਿਆ ਕਿ ਹਰਜਿੰਦਰ ਸਿੰਘ ਦੇ ਬਿਆਨਾਂ ’ਤੇ ਮੁਖਤਿਆਰ ਸਿੰਘ ਪੁਲਸ ਸਟੇਸ਼ਨ ਇੰਚਾਰਜ ਬਹਿਰਾਮਪੁਰ ਅਤੇ ਹਰਜਿੰਦਰ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਅੰਮ੍ਰਿਤਸਰ ਵਿਜੀਲੈਂਸ ਦਫਤਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇੰਸਪੈਕਟਰ ਮੁਖਤਿਆਰ ਸਿੰਘ ਜੋ ਸ਼ਹਿਰ ਤੋਂ ਬਾਹਰ ਹੈ, ਦੀ ਭਾਲ ਕੀਤੀ ਜਾ ਰਹੀ ਹੈ।


Baljeet Kaur

Content Editor

Related News