ਗੁਰਦਾਸਪੁਰ ਜ਼ਿਲ੍ਹੇ ''ਚ 2 ਹੋਰ ਕੋਰੋਨਾ ਦੇ ਮਰੀਜ਼ਾਂ ਨੇ ਤੋੜਿਆ ਦਮ

Wednesday, Jul 29, 2020 - 11:00 PM (IST)

ਗੁਰਦਾਸਪੁਰ/ਬਟਾਲਾ, (ਹਰਮਨ, ਵਿਨੋਦ, ਬੇਰੀ)- ਜ਼ਿਲਾ ਗੁਰਦਾਸਪੁਰ 'ਚ ਕੋਰੋਨਾ ਵਾਇਰਸ ਲਗਾਤਾਰ ਕਹਿਰ ਵਰਤਾ ਰਿਹਾ ਹੈ, ਜਿਸ ਤਹਿਤ ਅੱਜ ਇਸ ਵਾਇਰਸ ਨੇ ਬਟਾਲਾ ਨਾਲ ਸਬੰਧਤ ਇਕ 52 ਸਾਲਾਂ ਦੀ ਔਰਤ ਅਤੇ ਬਟਾਲਾ ਦੇ ਓਹਰੀ ਮੁਹੱਲੇ ਦੇ ਵਸਨੀਕ ਦੀ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲੇ 'ਚ ਵਾਇਰਸ ਕਾਰਣ ਮੌਤ ਦੇ ਮੂੰਹ ਵਿਚ ਗਏ ਕੁੱਲ ਵਿਅਕਤੀਆਂ ਦੀ ਗਿਣਤੀ 19 ਹੋ ਗਈ ਹੈ, ਜਦਕਿ ਅੱਜ 33 ਮਰੀਜ਼ ਨਵੇਂ ਸਾਹਮਣੇ ਆਉਣ ਕਾਰਣ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 525 ਤੱਕ ਪਹੁੰਚ ਗਈ ਹੈ।

ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਅੱਜ ਸਾਹਮਣੇ ਆਏ 33 ਮਰੀਜ਼ਾਂ 'ਚੋਂ 23 ਮਰੀਜ਼ ਇਕੱਲੇ ਬਟਾਲਾ ਨਾਲ ਸਬੰਧਤ ਹਨ ਜਦਕਿ ਇਕ ਗੁਰਦਾਸਪੁਰ ਨਾਲ ਸਬੰਧ ਰੱਖਦਾ ਹੈ। ਇਸੇ ਤਰ੍ਹਾਂ 2 ਅੰਮ੍ਰਿਤਸਰ ਜ਼ਿਲੇ ਨਾਲ ਸਬੰਧਤ ਹਨ, ਇਕ ਮਰੀਜ਼ ਦਾ ਸਬੰਧ ਕਲਾਨੌਰ ਨਾਲ ਅਤੇ ਇਕ ਮਰੀਜ਼ ਨੌਸ਼ਹਿਰਾ ਮੱਝਾ ਸਿੰਘ ਨਾਲ ਸਬੰਧਤ ਹੈ। ਇਨ੍ਹਾਂ ਮਰੀਜ਼ਾਂ ਤੋਂ ਇਲਾਵਾ ਬਾਕੀ ਦੇ ਮਰੀਜ਼ਾਂ 'ਚੋਂ 3 ਬਹਿਰਾਮਪੁਰ ਨਾਲ ਸਬੰਧਤ ਹਨ, ਜਦਕਿ 2 ਮਰੀਜ਼ ਕਾਹਨੂੰਵਾਨ ਨੇੜਲੇ ਪਿੰਡ ਸੱਲੋਪੁਰ ਦੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਇਰਸ ਦੇ ਖਾਤਮੇ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਜਿਹੜੀਆਂ ਟੀਮਾਂ ਸਰਵੇ ਅਤੇ ਹੋਰ ਕੰਮਾਂ 'ਚ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇ।

 


Deepak Kumar

Content Editor

Related News