ਲੇਖਾ-ਜੋਖਾ-2020: ‘ਕੋਰੋਨਾ’ ਅਤੇ ‘ਕਿਸਾਨਾਂ’ ਦੇ ਨਾਂ ਰਿਹਾ ਸਮੁੱਚੇ ਵਰ੍ਹੇ ਦਾ ਮੁੱਖ ਘਟਨਾਕ੍ਰਮ

12/31/2020 10:25:40 AM

ਗੁਰਦਾਸਪੁਰ (ਹਰਮਨ):ਸਾਲ-2020 ਦਾ ਸਮੁੱਚਾ ਘਟਨਾਕ੍ਰਮ ਜਿਥੇ ਸਿਆਸੀ ਧਾਰਮਿਕ ਅਤੇ ਸਮਾਜਿਕ ਪੱਖ ਤੋਂ ਬੇਹੱਦ ਰੌਚਕ ਰਿਹਾ ਹੈ, ਉਥੇ ਇਸ ਸਾਰੇ ਸਾਲ ਦੌਰਾਨ ‘ਕੋਰੋਨਾ’ ਅਤੇ ‘ਕਿਸਾਨਾਂ’ ਨਾਲ ਸਬੰਧਤ ਮੁੱਦੇ ਹੀ ਚਰਚਾ ’ਚ ਰਹੇ ਹਨ। ਕਈ ਪੱਖਾਂ ਤੋਂ ਇਤਿਹਾਸਕ ਯਾਦਾਂ ਛੱਡ ਕੇ ਰੁਖਸਤ ਹੋ ਰਹੇ ਇਹ ਸਾਲ ਦੌਰਾਨ ਜਿਥੇ ਪਿਛਲੇ ਕਈ ਤਰ੍ਹਾਂ ਦੇ ਰਿਕਾਰਡ ਟੁੱਟੇ ਹਨ, ਉਥੇ ਇਸ ਸਾਲ ਦੇ ਘਟਨਾ¬ਕ੍ਰਮ ਨੇ ਆਉਣ ਵਾਲੇ ਸਮੇਂ ਲਈ ਵੀ ਕਈ ਮੀਲ ਪੱਥਰ ਸਥਾਪਤ ਕੀਤੇ ਹਨ। ਸਿਆਸੀ ਪੱਖੋਂ ਘੋਖ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ’ਚ ਇਸ ਵਰ੍ਹੇ ਤਕਰੀਬਨ ਸਾਰੀਆਂ ਪਾਰਟੀਆਂ ’ਚ ਵੱਡੀ ਸਿਆਸੀ ਉਥਲ-ਪੁਥਲ ਹੋਈ ਹੈ ਜਦੋਂ ਕਿ ਧਾਰਮਿਕ ਪੱਖੋਂ ਵੀ ਇਹ ਸਾਲ ਕਈ ਅਹਿਮ ਯਾਦਾਂ ਛੱਡ ਕੇ ਜਾ ਰਿਹਾ ਹੈ। ਵਿਕਾਸ ਪੱਖੋਂ ਵੀ ਬੇਸ਼ੱਕ ਸਤਾਧਾਰੀ ਆਗੂਆਂ ਵੱਲੋਂ ਕਈ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਵੀ ਕਈ ਵਿਕਾਸ ਕਾਰਜ ਹਵਾ ’ਚ ਵੀ ਲਟਕੇ ਹੋਏ ਹਨ ਅਤੇ ਕਈਆਂ ਦੀ ਸ਼ੁਰੂਆਤ ਵੀ ਨਹੀਂ ਹੋ ਸਕੀ। ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਕੋਰੋਨਾ ਵਾਇਰਸ ਦੀ ਤਾਲਾਬੰਦੀ ਦੌਰਾਨ ਹੀ ਚੁੱਪ ਰਹੇ ਹਨ ਜਦੋਂ ਕਿ ਬਹੁਤਾ ਸਮਾਂ ਤਕਰੀਬਨ ਸਾਰੀਆਂ ਜਥੇਬੰਦੀਆਂ ਦੇ ਧਰਨੇ ਜਾਰੀ ਰਹੇ ਹਨ। ਹੋਰ ਤੇ ਹੋਰ ਕਿਸਾਨਾਂ ਲਈ ਇਹ ਵਰ੍ਹਾ ਬੇਹੱਦ ਭਾਰੀ ਰਿਹਾ ਹੈ, ਜਿਨ੍ਹਾਂ ਵੱਲੋਂ ਗਰਮੀ ਅਤੇ ਸਰਦੀ ਦੇ ਦਿਨ ਬੇਹੱਦ ਸੰਘਰਸ਼ਮਈ ਦੌਰ ਵਿਚੋਂ ਗੁਜਰੇ ਹਨ ਅਤੇ ਸਾਲ ਦੇ ਅਖੀਰ ’ਚ ਵੀ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦਾ ਸਿਲਸਿਲਾ ਉਸੇਤਰਾਂ ਜਾਰੀ ਹੈ। ਵਪਾਰੀ ਵਰਗ ਲਈ ਵੀ ਇਹ ਸਾਲ ਨਿਰਾਸ਼ਾ ਭਰਿਆ ਹੀ ਸਿੱਧ ਹੋਇਆ ਹੈ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ ਪ੍ਰਧਾਨ ਮੰਤਰੀ ਨੇ ਸਭ ਤੋਂ ਵੱਡੇ ਗੁਨਾਹਗਾਰ

ਵਿਕਾਸ ਕਾਰਜ ਬਨਾਮ ਸਾਲ-2020
ਇਸ ਸਾਲ ਵਿਕਾਸ ਕਾਰਜਾਂ ਦੇ ਮਾਮਲੇ ’ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਹਿਤ ਸਭ ਤੋਂ ਜ਼ਿਆਦਾ ਵੱਡੇ ਪੱਧਰ ’ਤੇ ਬਟਾਲਾ ਸ਼ਹਿਰ ’ਚ ਕਰੀਬ 250 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਕੰਮ ਜਾਰੀ ਹੈ। ਗੁਰਦਾਸਪੁਰ ਸ਼ਹਿਰ ’ਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਗਲੀਆਂ-ਨਾਲੀਆਂ, ਸੀਵਰੇਜ, ਇੰਟਰਲਾਕ ਵਾਲੀਆਂ ਗਲੀਆਂ, ਸ਼ਹਿਰ ਦੀਆਂ ਸੜਕਾਂ, ਫਿਸ਼ ਪਾਰਕ ਦਾ ਨਵੀਨੀਕਰਨ ਸਮੇਤ ਅਨੇਕਾਂ ਕਾਰਜ ਕਰਵਾਏ ਹਨ ਪਰ ਇਸ ਸ਼ਹਿਰ ’ਚ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਕੰਮ ਅਤੇ ਅੰਡਰਪਾਸ ਬ੍ਰਿਜ ਬਣਾਉਣ ਵਰਗੇ ਅਹਿਮ ਕੰਮ ਇਸ ਸਾਲ ਵੀ ਸ਼ੁਰੂ ਨਹੀਂ  ਹੋ ਸਕੇ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਸਮੇਤ ਹੋਰ ਸ਼ਹਿਰਾਂ ਵਿਚ ਵੀ ਕਈ ਵੱਡੇ ਕਾਰਜ ਸ਼ੁਰੂ ਕੀਤੇ ਗਏ ਹਨ। ਡੇਰਾ ਬਾਬਾ ਨਾਨਕ ਨੇੜਲੇ ਪਿੰਡ ਕਾਸੋਵਾਲ ’ਚ ਧਰਮਕੋਟ ਪੱਤਣ ’ਤੇ ਰਾਵੀ ਦਰਿਆ ਉੱਪਰ 483.95 ਮੀਟਰ ਲੰਬਾ ਪੁੱਲ ਵੀ ਇਸੇ ਸਾਲ ਹੀ ਮੁਕੰਮਲ ਹੋ ਕੇ ਲੋਕ ਅਰਪਿਤ ਕੀਤਾ ਗਿਆ।

ਕਰਤਾਰਪੁਰ ਸਾਹਿਬ ਲਾਂਘਾ
ਕਈ ਦਹਾਕਿਆਂ ਦੀ ਮੰਗ ਤੋਂ ਬਾਅਦ ਬੇਸ਼ੱਕ ਪਿਛਲੇ ਸਾਲ ਦੇ ਅਖੀਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਜੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਹੋ ਗਈ ਸੀ ਪਰ ਕੋਰੋਨਾ ਵਾਇਰਸ ਕਾਰਣ ਇਹ ਲਾਂਘਾ ਮਾਰਚ ਮਹੀਨੇ ਅਜਿਹਾ ਬੰਦ ਹੋਇਆ ਕਿ ਹੁਣ ਜਦੋਂ ਇਸ ਵਾਇਰਸ ਦਾ ਕਹਿਰ ਘੱਟ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਲਾਂਘਾ ਸ਼ੁਰੂ ਨਹੀਂ ਹੋਇਆ। ਇਥੋਂ ਤੱਕ ਕਿ 8 ਅਕਤੂਬਰ ਨੂੰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਨੇ ਲਾਂਘਾ ਸ਼ੁਰੂ ਕਰਵਾਉਣ ਲਈ ਧਰਨਾ ਵੀ ਦਿੱਤਾ ਸੀ। ਹੋਰ ਤੇ ਹੋਰ ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਮੌਕੇ ਕਰਵਾਏ ਗਏ ਸਮਾਗਮਾਂ ਦੌਰਾਨ ਵੀ ਇਹ ਲਾਂਘਾ ਸ਼ੁਰੂ ਨਹੀਂ  ਹੋ ਸਕਿਆ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਭਾਜਪਾ ਨੂੰ ਚੁਣੌਤੀ,ਖੇਤੀ ਬਿੱਲਾਂ ’ਤੇ ਹਰਸਿਮਰਤ ਦੇ ਦਿਖਾਓ ਹਸਤਾਖ਼ਰ

ਪੂਰਾ ਸਾਲ ਛਾਇਆ ਰਿਹਾ ਕੋਰੋਨਾ ਦਾ ਕਹਿਰ
ਇਸ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਏ ਕੋਰੋਨਾ ਦਾ ਕਹਿਰ ਨੇ 23 ਮਾਰਚ ਤੋਂ ਮਈ ਮਹੀਨੇ ਤੱਕ ਜਿਥੇ ਮੁਕੰਮਲ ਲਾਕਡਾਊਨ ਰੱਖਿਆ, ਉਥੇ ਮਈ ਮਹੀਨੇ ਦੇ ਬਾਅਦ ਕੁਝ ਛੋਟਾਂ ਤਹਿਤ ਬੇਸ਼ੱਕ ਲੋਕਾਂ ਨੂੰ ਕਰਫਿਊ ਅਤੇ ਲਾਕਡਾਊਨ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਲੋਕਾਂ ਦੀ ਜ਼ਿੰਦਗੀ ਲੀਹਾਂ ’ਤੇ ਆਉਣ ਵਿਚ ਲੰਮਾ ਸਮਾਂ ਲੱਗ ਗਿਆ। ਇਥੋਂ ਤੱਕ ਹਾਲਾਤ ਬਣੇ ਰਹੇ ਕਿ ਲਾਕਡਾਊਨ ਦੇ ਪਹਿਲੇ ਕੁਝ ਦਿਨ ਲੋਕਾਂ ਨੂੰ ਦੁੱਧ, ਸਬਜ਼ੀਆਂ, ਦਵਾਈਆਂ ਵਰਗੀਆਂ ਹੋਰ ਜ਼ਰੂਰੀ ਵਸਤੂਆਂ ਪ੍ਰਾਪਤ ਕਰਨ ਵਿਚ ਵੀ ਮੁਸ਼ਕਲ ਪੇਸ਼ ਆਈ ਅਤੇ ਖੁਦ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਸੜਕਾਂ ’ਤੇ ਉਤਰ ਕੇ ਲੋਕਾਂ ਨੂੰ ਅਪੀਲਾਂ ਕਰਦੇ ਦੇਖੇ ਗਏ। ਸਾਲ ਦੇ ਅਖੀਰ ਤੱਕ ਵੀ ਇਸ ਵਾਇਰਸ ਨੇ ਜ਼ਿਲੇ ਦੇ ਵਾਸੀਆਂ ਦਾ ਪਿੱਛਾ ਨਹੀਂ  ਛੱਡਿਆ ਅਤੇ ਹੁਣ ਤੱਕ 7 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ’ਚ 248 ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਸਮੇਤ ਜ਼ਿਲੇ ਦੇ ਕਈ ਸਿਆਸੀ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਸਨ। ਲਾਕਡਾਊਨ ਦੇ ਮੁੱਢਲੇ ਦੌਰ ਵਿਚ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਖੁਦ ਆਪਣੇ ਹੱਥੀਂ  ਸ਼ਹਿਰ ਵਿਚ ਸੈਨੇਟਾਈਜੇਸ਼ਨ ਕਰਦੇ ਦੇਖੇ ਗਏ ਜਦੋਂ ਕਿ ਪਾਹੜਾ ਚੈਰੀਟੇਬਲ ਟਰੱਸਟ ਸਮੇਤ ਹੋਰ ਕਈ ਜਥੇਬੰਦੀਆਂ ਨੇ ਸ਼ਹਿਰ ਅਤੇ ਇਲਾਕੇ ਅੰਦਰ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਉਪਰਾਲੇ ਵੀ ਕੀਤੇ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ

ਵਪਾਰੀਆਂ ਦੇ ਕਾਰੋਬਾਰ ’ਤੇ ਮੰਦਹਾਲੀ ਦੇ ਬੱਦਲ
ਇਸ ਸਾਲ ਪਹਿਲਾਂ ਕੋਰੋਨਾ ਵਾਇਰਸ ਕਾਰਣ ਲਾਕਡਾਊਨ ਨੇ ਸਮੁੱਚੇ ਬਾਜ਼ਾਰ ਬੰਦ ਰਹਿਣ ਕਾਰਣ ਵਪਾਰੀਆਂ ਲਈ ਦੁਕਾਨਾਂ ਦੇ ਖਰਚੇ ਚਲਾਉਣੇ ਅਤੇ ਪਰਿਵਾਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਬਣਿਆ ਰਿਹਾ, ਉਸ ਦੇ ਬਾਅਦ ਅਕਤੂਬਰ ਮਹੀਨੇ ਤੋਂ ਕਿਸਾਨਾਂ ਵੱਲੋਂ ਰੇਲਵੇ ਟਰੈਕਾਂ ’ਤੇ ਦਿੱਤੇ ਧਰਨਿਆਂ ਕਾਰਣ ਮਾਲ ਦੀ ਸਪਲਾਈ ਘੱਟ ਹੋਣ ਕਾਰਣ ਵੀ ਵਪਾਰੀ ਵਰਗ ਨੂੰ ਆਰਥਿਕ ਮਾਰ ਪਈ। ਇਸੇ ਤਰ੍ਹਾਂ ਕੋਰੋਨਾ ਦੇ ਕਹਿਰ ਕਾਰਣ ਲੋਕਾਂ ਦੀ ਕਮਾਈ ਦੇ ਸਾਧਨ ਘੱਟ ਹੋਣ ਕਾਰਣ ਵੀ ਬਾਜ਼ਾਰਾਂ ਦੀਆਂ ਰੌਣਕਾਂ ਫਿਕੀਆਂ ਰਹੀਆਂ।

ਪੈਲੇਸ ਮਾਲਕ, ਸਕੂਲ-ਕਾਲਜ ਅਤੇ ਹੋਰ ਕਾਰੋਬਾਰ ਠੱਪ
ਇਸ ਸਾਲ ਪਹਿਲੀ ਵਾਰ ਹੋਇਆ ਹੈ ਕਿ ਏਨਾ ਲੰਮਾ ਸਮਾਂ ਸਾਰੇ ਪੈਲੇਸ, ਸਕੂਲ-ਕਾਲਜ ਦੇ ਹੋਰ ਕਾਰੋਬਾਰ ਠੱਪ ਰਹੇ ਹਨ। ਇਥੋਂ ਤੱਕ ਟੈਕਸੀ ਡਰਾਈਵਰ ਅਤੇ ਟੂਰਸਿਟ ਗੱਡੀਆਂ ਵਾਲਿਆਂ ਨੂੰ ਕਈ ਥਾਵਾਂ ’ਤੇ ਸਬਜ਼ੀਆਂ ਦੇ ਹੋਰ ਸਾਮਾਨ ਵੇਚ ਕੇ ਪਰਿਵਾਰਾਂ ਲਈ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਪਿਆ। ਸਕੂਲਾਂ-ਕਾਲਜਾਂ ’ਚ ਵੀ ਆਨਲਾਈਨ ਪੜ੍ਹਾਈ ਦਾ ਸਿਲਸਿਲਾ ਜਾਰੀ ਰਿਹਾ ਪਰ ਸਟਾਫ ਦੀਆਂ ਤਨਖਾਹਾਂ ਅਤੇ ਬੱਚਿਆਂ ਦੀਆਂ ਫੀਸਾਂ ਨਾਲ ਜੁੜੇ ਵਿਵਾਦ ਚਰਚਾ ਵਿਚ ਰਹੇ।

ਇਹ ਵੀ ਪੜ੍ਹੋ :ਸਰਹੱਦ ਪਾਰੋਂ ਅੱਤਵਾਦ ਨੂੰ ਠੱਲ੍ਹਣ ਲਈ ਮੁੱਖ ਮੰਤਰੀ ਦੀ ਅਗਵਾਈ ’ਚ ਸਥਾਪਿਤ ਹੋਵੇਗਾ ਐੱਸ. ਪੀ. ਵੀ.

ਆਹਮੋ-ਸਾਹਮਣੇ ਰਹੇ ਕਾਂਗਰਸ ਦੇ ਕਈ ਦਿੱਗਜ਼ ਆਗੂ
ਬਟਾਲਾ ਸਮੇਤ ਪੂਰੇ ਜ਼ਿਲੇ ’ਚ ਸਿਆਸੀ ਘਟਨਾ¬ਕ੍ਰਮ ਕਾਫੀ ਰੌਚਕ ਰਹੇ ਹਨ। ਇਸ ਦੇ ਚਲਦਿਆਂ ਬਟਾਲਾ ਵਿਚ ਸਾਲ ਦੇ ਪਹਿਲੇ ਮਹੀਨੇ ਹੀ ਬੇਰਿੰਗ ਕਾਲਜ ’ਚੋਂ ਇਕ ਸੜਕ ਬਣਾਉਣ ਦੀ ਤਜਵੀਜ ਨੂੰ ਲੈ ਕੇ ਜਿਥੇ ਈਸਾਈ ਭਾਈਚਾਰਾ ਸੜਕਾਂ ’ਤੇ ਉਤਰਿਆ, ਉਥੇ ਅਸ਼ਵਨੀ ਸੇਖੜੀ ਵੀ ਸ਼ਰ੍ਹੇਆਮ ਆਪਣੀ ਹੀ ਸਰਕਾਰ ਦੇ ਸਾਹਮਣੇ ਡੱਟ ਕੇ ਲੋਕਾਂ ਦੇ ਹੱਕ ’ਚ ਖ਼ੜ੍ਹੇ ਹੋ ਗਏ। ਇਸ ਦੇ ਬਾਅਦ ਵੀ ਕਈ ਮੁੱਦਿਆਂ ਨੂੰ ਲੈ ਕੇ ਸੇਖੜੀ ਨਾ ਸਿਰਫ ਤÇ੍ਰਪਤ ਬਾਜਵਾ ਖਿਲਾਫ ਭੜਾਸ ਕੱਢਦੇ ਰਹੇ ਸਗੋਂ ਮਾਸਕ ਦੀ ਵਰਤੋਂ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਤੱਕ ਕਰ ਦਿੱਤੀ ਸੀ। ਇਸੇ ਤਰ੍ਹਾਂ ਲੰਮਾ ਸਮਾਂ ਇਕੱਠੇ ਰਹੇ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਦਰਮਿਆਨ ਦੂਰੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਵੱਡੇ ਪੱਧਰ ’ਤੇ ਬਦਲੇ ਅਕਾਲੀ ਦਲ ਦੇ ਸਮੀਕਰਨ
ਇਸ ਸਾਲ ਭਾਜਪਾ ਨਾਲ ਨਾਤਾ ਤੋੜ ਕੇ ਜਿਥੇ ਅਕਾਲੀ ਦਲ ਇਕੱਲੇ ਹੀ ਚੋਣਾਂ ਲੜਨ ਲਈ ਤਿਆਰੀਆਂ ’ਚ ਲੱਗਿਆ ਦਿਖਾਈ ਦਿੱਤਾ ਹੈ, ਉਥੇ ਇਸ ਵਾਰ ਜ਼ਿਲੇ ’ਚ ਅਕਾਲੀ ਦਲ ਦੇ ਸਮੀਕਰਨ ਵੀ ਵੱਡੇ ਪੱਧਰ ’ਤੇ ਬਦਲੇ ਦਿਖਾਈ ਦੇ ਰਹੇ ਹਨ। ਖਾਸ ਤੌਰ ’ਤੇ ਬਟਾਲਾ, ਫਤਿਹਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਡੇਰਾ ਬਾਬਾ ਨਾਨਕ ਹਲਕੇ ’ਚ ਟਿਕਟਾਂ ਦੇ ਦਾਅਵੇਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਕਈ ਨਵੇਂ ਜੋੜ ਤੋੜ ਪੈਦਾ ਕੀਤੇ ਹਨ। ਹਲਕਾ ਕਾਦੀਆਂ ਨਾਲ ਸਬੰਧਤ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਵੱਲੋਂ ਪਾਰਟੀ ਛੱਡ ਦਿੱਤੇ ਜਾਣ ਕਾਰਣ ਜਿਥੇ ਇਸ ਹਲਕੇ ’ਚ ਕਈ ਆਗੂ ਟਿਕਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਉਥੇ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਵਿਚ ਵੀ ਕਈ ਆਗੂ ਵੱਖ-ਵੱਖ ਥੜਿਆਂ ਨਾਲ ਜੁੜ ਕੇ ਟਿਕਟ ਪੱਕੀ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਹਾਲਾਤ ਇਹ ਬਣ ਚੁੱਕੇ ਕਿ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਜਿਥੇ ਆਪਣੀ ਪਾਰਟੀ ਦੇ ਹੋਰ ਧੜਿਆਂ ਦੇ ਸਿਰਕੱਢ ਆਗੂਆਂ ਨੂੰ ਆਪਣੇ ਨਾਲ ਜੋੜਨ ਵਿਚ ਸਫਲ ਰਹੇ ਹਨ, ਉਥੇ ਬੱਬੇਹਾਲੀ ਦੇ ਨਾਲ ਚਲਦੇ ਰਹੇ ਇਕ ਸੀਨੀਅਰ ਆਗੂ ਵੱਲੋਂ ਅੱਜ ਕੱਲ ਦੂਸਰੇ ਧੜੇ ਦੇ ਆਗੂਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਵੀ ਚਰਚਾ ਵਿਚ ਹਨ।

ਇਹ ਵੀ ਪੜ੍ਹੋ : ਥੈਲੇਸੀਮੀਆ ਦੇ ਮਰੀਜ਼ਾਂ ਨੂੰ HIV ਪਾਜ਼ੇਟਿਵ ਖੂਨ ਚੜ੍ਹਾਉਣ ਦੇ ਮਾਮਲੇ ’ਚ ਬਠਿੰਡਾ ਬਲੱਡ ਬੈਂਕ ’ਤੇ ਵੱਡੀ ਕਾਰਵਾਈ

ਵੀ. ਪੀ. ਸਿੰਘ ਬਦਨੌਰ ਨੇ ਚੜ੍ਹਾਇਆ ਤਿਰੰਗਾ
ਇਸ ਸਾਲ 26 ਜਨਵਰੀ ਦਾ ਸੂਬਾ ਪੱਧਰੀ ਗਣਤੰਤਰ ਦਿਵਸ ਗੁਰਦਾਸਪੁਰ ਵਿਖੇ ਮਨਾਇਆ ਗਿਆ, ਜਿਸ ਦੌਰਾਨ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਗੁਰਦਾਸਪੁਰ ਪਹੁੰਚ ਕੇ ਰਾਸ਼ਟਰੀ ਤਿਰੰਗਾ ਲਹਿਰਾਇਆ ਅਤੇ ਇਕ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ ਨੂੰ ਉਨ੍ਹਾਂ ਨੇ ਮਗਰਮੂਦੀਆਂ ਕੇਸ਼ੋਪੁਰ ਛੰਭ ਵਿਚ ਜਾ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ।

ਅਕਤੂਬਰ ਮਹੀਨੇ ਤੋਂ ਜਾਰੀ ਰਿਹਾ ਕਿਸਾਨਾਂ ਦਾ ਧਰਨਾ
ਇਸ ਪੂਰੇ ਸਾਲ ਦੌਰਾਨ ਹੀ ਕਿਸਾਨਾਂ ਦੇ ਧਰਨੇ ਜਾਰੀ ਰਹੇ, ਜਿਸ ਤਹਿਤ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਅਕਤੂਬਰ ਮਹੀਨੇ ਤੋਂ ਰੇਲਵੇ ਸਟੇਸ਼ਨ ’ਤੇ ਸ਼ੁਰੂ ਕੀਤਾ ਗਿਆ ਧਰਨਾ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਜਾਰੀ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਕਈ ਪਿੰਡਾਂ, ਕਸਬਿਆਂ ਅੰਦਰ ਵੀ ਰੋਸ ਪ੍ਰਦਰਸ਼ਨ ਕੀਤੇ ਗਏ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 
 


Baljeet Kaur

Content Editor

Related News