ਗੁਰਦਾਸਪੁਰ ਭਾਰਤ ਬੰਦ ਦਾ ਪੂਰਨ ਅਸਰ,ਬਾਜ਼ਾਰ ਬੰਦ ਹੋਣ ਦੇ ਨਾਲ-ਨਾਲ ਸੜਕੀ ਤੇ ਰੇਲ ਆਵਾਜਾਈ ਵੀ ਠੱਪ (ਤਸਵੀਰਾਂ)
Monday, Sep 27, 2021 - 10:38 AM (IST)
ਗੁਰਦਾਸਪੁਰ (ਹਰਮਨ) - ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਗੁਰਦਾਸਪੁਰ ਜ਼ਿਲ੍ਹੇ ਅੰਦਰ ਪੂਰਨ ਸਮਰਥਨ ਮਿਲਿਆ ਹੈ। ਇਸ ਤਹਿਤ ਅੱਜ ਜ਼ਿਲ੍ਹੇ ਅੰਦਰ ਸੜਕੀ ਅਤੇ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਹੈ। ਲੋਕ ਆਪਣੇ ਘਰਾਂ ’ਚ ਬੈਠੇ ਹੋਏ ਹਨ। ਦੂਜੇ ਪਾਸੇ ਕਿਸਾਨਾਂ ਵਲੋਂ ਵੱਖ-ਵੱਖ ਥਾਵਾਂ ’ਤੇ ਧਰਨੇ ਲਗਾਏ ਜਾ ਰਹੇ ਹਨ, ਜਿਸ ਸਦਕਾ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਸਵੇਰੇ ਛੇ ਵਜੇ ਤੋਂ ਹੀ ਕਿਸਾਨਾਂ ਨੇ ਇਕੱਤਰ ਹੋ ਕੇ ਅੰਮ੍ਰਿਤਸਰ ਜੰਮੂ ਰੇਲ ਆਵਾਜਾਈ ਠੱਪ ਕਰ ਦਿੱਤੀ ਹੈ। ਨਾਲ ਹੀ ਨੈਸ਼ਨਲ ਹਾਈਵੇ ’ਤੇ ਵੀ ਵੱਖ-ਵੱਖ ਥਾਵਾਂ ’ਤੇ ਧਰਨੇ ਲਗਾ ਦਿੱਤੇ। ਗੁਰਦਾਸਪੁਰ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਹਨ। ਜਿਹੜੇ ਲੋਕ ਸੜਕਾਂ ’ਤੇ ਆ ਜਾ ਰਹੇ ਹਨ, ਕਿਸਾਨਾਂ ਵੱਲੋਂ ਉਨ੍ਹਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਅੱਜ ਸਾਰੇ ਕੰਮਕਾਜ ਛੱਡ ਕੇ ਦੇਸ਼ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ।