ਜੇਲਾਂ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾਵੇ : ਰੰਧਾਵਾ

Monday, Aug 12, 2019 - 06:11 PM (IST)

ਜੇਲਾਂ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾਵੇ : ਰੰਧਾਵਾ

ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ) : ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇਲਾਂ ਦੀ ਸਹੀ ਸਮੇਂ 'ਤੇ ਨਿਗਰਾਨੀ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਂਦਿਆਂ ਸੈਂਸਰ ਅਤੇ ਅਲਾਰਮਿੰਗ ਸਿਸਟਮ ਦੇ ਨਾਲ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਬੀਤੇ ਦਿਨੀਂ ਸੂਬੇ ਦੀਆਂ ਜੇਲਾਂ ਦੀ ਸੁਰੱਖਿਆ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਆਦੇਸ਼ ਜਾਰੀ ਕੀਤੇ ਹਨ।

ਰੰਧਾਵਾ ਨੇ ਕਿਹਾ ਕਿ ਜੇਲਾਂ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾਵੇ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਬਚਿਆ ਜਾ ਸਕੇ। ਜੇਲ ਵਿਭਾਗ ਵੱਲੋਂ ਉੱਤਰ ਪ੍ਰਦੇਸ਼ ਦੀਆਂ 70 ਜੇਲਾਂ ਦੀ ਸੁਰੱਖਿਆ ਲਈ ਇਕ ਪ੍ਰਾਈਵੇਟ ਫਰਮ ਵੱਲੋਂ ਅਪਣਾਈ ਗਈ ਵਿਧੀ ਦੀ ਪੇਸ਼ਕਾਰੀ ਵੀ ਜੇਲ ਮੰਤਰੀ ਨੂੰ ਦਿਖਾਈ ਗਈ। ਇਸ 'ਚ ਦਿਖਾਇਆ ਗਿਆ ਕਿ ਜੇਲਾਂ 'ਚ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਗਲਤ ਅਨਸਰਾਂ ਵੱਲੋਂ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੀਤੀ ਜਾਂਦੀ ਤਿਆਰੀ ਉਪਰ ਨਜ਼ਰ ਰਖਦਿਆਂ ਜੇਲ ਵਿਭਾਗ ਪਹਿਲਾਂ ਹੀ ਚੌਕਸ ਹੋ ਸਕਦਾ ਹੈ। ਇਨਫਰਾਰੈਡ ਰੇਡੀਏਸ਼ਨ ਦੇ ਆਧਾਰ 'ਤੇ ਬਣੇ ਇਸ ਸਿਸਟਮ ਰਾਹੀਂ ਕੈਦੀਆਂ ਦੀਆਂ ਫਿਜ਼ੀਕਲ ਗਤੀਵਿਧੀਆਂ ਰਾਹੀਂ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕੋਈ ਹਿੰਸਕ ਕਾਰਵਾਈ ਤਾਂ ਨਹੀਂ ਕਰਨ ਜਾ ਰਹੇ, ਜੋ ਕਿ ਚੌਕਸੀ ਦੇ ਲਿਹਾਜ਼ ਨਾਲ ਬਹੁਤ ਵਧੀਆ ਤਕਨੀਕ ਹੈ।

ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਲ ਵਿਭਾਗ ਅਤੇ ਪੰਜਾਬ ਪੁਲਸ ਵਲੋਂ ਆਪਸੀ ਬਿਹਤਰ ਤਾਲਮੇਲ ਨਾਲ ਜੇਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਲਾਂ ਵਿਚ ਮੁਲਾਕਾਤ ਵਾਲੀ ਥਾਂ ਦੀ ਸੁਰੱਖਿਆ ਪੰਜਾਬ ਪੁਲਸ ਵਲੋਂ ਕੀਤੀ ਜਾਵੇਗੀ ਜਦੋਂ ਕਿ ਅੰਦਰੂਨੀ ਬੈਰਕਾਂ ਅਤੇ ਜੇਲਾਂ ਦੀਆਂ ਅੰਦਰੂਨੀ ਦੀਵਾਰਾਂ 'ਤੇ ਸੁਰੱਖਿਆ ਜੇਲ ਵਿਭਾਗ ਪ੍ਰਸ਼ਾਸਨ ਵਲੋਂ ਰੱਖੀ ਜਾਵੇਗੀ। ਰੰਧਾਵਾ ਨੇ ਇਹ ਵੀ ਕਿਹਾ ਕਿ ਜੇਲਾਂ ਨੂੰ ਸਾਫ-ਸੁਥਰਾ ਰੱਖਣ ਦੇ ਨਾਲ ਹਰਿਆ-ਭਰਿਆ ਵੀ ਬਣਾਇਆ ਜਾਵੇ। ਜੇਲਾਂ ਅੰਦਰ ਫਲਦਾਰ ਬੂਟੇ ਲਾਏ ਜਾਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਵੀ ਕੈਦੀਆਂ ਵੱਲੋਂ ਕੀਤੀ ਜਾਵੇ।


author

Baljeet Kaur

Content Editor

Related News