ਏਡਜ਼ ਪੀੜਤ ਪਤਨੀ ਦੀ ਪਤੀ ਨੇ ਕੀਤੀ ਹੱਤਿਆ

06/01/2019 10:19:34 AM

ਗੁਰਦਾਸਪੁਰ/ਸ਼ਿਕਾਰਪੁਰ (ਵਿਨੋਦ) : ਪਾਕਿਸਤਾਨ ਦੇ ਜ਼ਿਲਾ ਸ਼ਿਕਾਰਪੁਰ ਅਧੀਨ ਪਿੰਡ ਘਾਰੋਰਿੰਡ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਇਸ ਲਈ ਹੱਤਿਆ ਕਰ ਦਿੱਤੀ, ਕਿਉਂਕਿ ਉਸ ਨੂੰ ਪਤਾ ਲੱਗਾ ਸੀ ਕਿ ਉਸ ਦੀ ਪਤਨੀ ਏਡਜ਼ ਨਾਲ ਪੀੜਤ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਅੱਜ ਸਵੇਰੇ ਪਿੰਡ ਘਾਰੋਰਿੰਡ ਵਿਚ ਇਕ ਵਿਅਕਤੀ ਬਹਾਦਰ ਰਿੰਡ ਨੇ ਆਪਣੀ ਪਤਨੀ ਕਰੀਮਾ ਰਿੰਡ ਜੋ ਪੰਜ ਬੱਚਿਆਂ ਦੀ ਮਾਂ ਹੈ, ਨੂੰ ਗਲੇ 'ਚ ਰੱਸਾ ਪਾ ਕੇ ਘਰ ਦੇ ਹੀ ਇਕ ਦਰੱਖਤ ਨਾਲ ਲਟਕਾ ਦਿੱਤਾ, ਜਿਸ ਨਾਲ ਕਰੀਮਾ ਰਿੰਡ ਦੀ ਮੌਤ ਹੋ ਗਈ। ਜਦ ਬਹਾਦਰ ਰਿੰਡ ਨੇ ਆਪਣੀ ਪਤਨੀ ਦੀ ਹੱਤਿਆ ਕੀਤੀ, ਉਦੋਂ ਉਸ ਦਾ ਭਰਾ ਦਰਿਆ ਰਿੰਡ, ਰਿਸ਼ਦੇਦਾਰ ਜੌਹਰ ਰਿੰਡ ਵੀ ਘਰ ਵਿਚ ਸਨ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਇਹ ਹੱਤਿਆ ਹੋਈ। ਜਦ ਮ੍ਰਿਤਕਾ ਦੇ ਭਰਾ ਅਕਬਰ ਰਿੰਡ ਨੂੰ ਉਸ ਦੀ ਭੈਣ ਦੀ ਹੱਤਿਆ ਕੀਤੇ ਜਾਣ ਦਾ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ। 

ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਕ ਤਾਂ ਬਹਾਦਰ ਰਿੰਡ ਨੂੰ ਗ੍ਰਿਫ਼ਤਾਰ ਕੀਤਾ ਤੇ ਨਾਲ ਹੀ ਕਰੀਮਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜਿਆ। ਪਤਾ ਲੱਗਾ ਹੈ ਕਿ ਜਦ ਤੋਂ ਬਹਾਦਰ ਰਿੰਡ ਨੂੰ ਇਹ ਪਤਾ ਲੱਗਾ ਸੀ ਕਿ ਉਸਦੀ ਪਤਨੀ ਏਡਜ਼ ਤੋਂ ਪੀੜਤ ਹੈ, ਉਦੋਂ ਤੋਂ ਹੀ ਉਹ ਕਿਸੇ ਹੋਰ ਔਰਤ ਨਾਲ ਨਿਕਾਹ ਕਰਵਾਉਣਾ ਚਾਹੁੰਦਾ ਸੀ ਅਤੇ ਕਰੀਮਾ ਇਸ ਦਾ ਵਿਰੋਧ ਕਰਦੀ ਸੀ। ਪੁਲਸ ਨੇ ਕਰੀਮਾ ਦੇ ਭਰਾ ਦੀ ਸ਼ਿਕਾਇਤ 'ਤੇ ਕਰੀਮਾ ਦੇ ਪਤੀ ਬਹਾਦਰ ਰਿੰਡ ਸਮੇਤ ਉਸ ਦੇ ਭਰਾ ਦਰਿਆ ਰਿੰਡ ਤੇ ਅਕਬਰ ਰਿੰਡ ਵਿਰੁੱਧ ਕੇਸ ਦਰਜ ਕਰ ਲਿਆ। ਦਰਿਆ ਰਿੰਡ ਤੇ ਅਕਬਰ ਰਿੰਡ ਫਰਾਰ ਦੱਸੇ ਜਾਦੇ ਹਨ।


Baljeet Kaur

Content Editor

Related News