ਅੰਤਰਰਾਸ਼ਟਰੀ ਸਰਹੱਦ ''ਤੇ ਪਾਣੀ ਨੇ ਵਧਾਈਆਂ ਬੀ. ਐੱਸ. ਐੱਫ. ਦੀਆਂ ਮੁਸ਼ਕਲਾਂ

08/20/2019 11:30:36 AM

ਗੁਰਦਾਸਪੁਰ(ਹਰਮਨਪ੍ਰੀਤ) : ਉੱਤਰੀ ਭਾਰਤ 'ਚ ਬਾਰਿਸ਼ ਦੇ ਕਹਿਰ ਕਾਰਣ ਪੰਜਾਬ ਦੇ ਕਈ ਹਿੱਸਿਆਂ 'ਚ ਬਣ ਰਹੀ ਹੜ੍ਹ ਵਰਗੀ ਸਥਿਤੀ ਦੇ ਉਲਟ ਬੇਸ਼ੱਕ ਸਰਹੱਦੀ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ 'ਚ ਵਹਿੰਦੇ ਦਰਿਆਵਾਂ ਦਾ ਪਾਣੀ ਚੜ੍ਹਨ ਤੋਂ ਬਾਅਦ ਮੁੜ ਉਤਰ ਗਿਆ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਦੋਵਾਂ ਜ਼ਿਲਿਆਂ 'ਚ ਹਾਈ ਅਲਰਟ ਅਜੇ ਵੀ ਜਾਰੀ ਹੈ ਅਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਕੇ ਹਰੇਕ ਪਲ ਦੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਇਸ ਬਾਰਿਸ਼ ਕਾਰਣ ਸਭ ਤੋਂ ਵੱਡੀ ਸਮੱਸਿਆ ਸਰਹੱਦਾਂ ਦੀ ਰਾਖੀ ਕਰਨ ਵਾਲੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਆ ਰਹੀ ਹੈ ਕਿਉਂਕਿ ਕਈ ਥਾਈਂ ਅੰਤਰਰਾਸ਼ਟਰੀ ਸਰਹੱਦ ਅਤੇ ਕੰਡਿਆਲੀ ਤਾਰ ਦਰਿਆਵਾਂ ਦੇ ਪਾਣੀ ਤੋਂ ਪ੍ਰਭਾਵਿਤ ਇਲਾਕੇ ਦੀ ਮਾਰ ਹੇਠ ਹੈ ਅਤੇ ਕਈ ਸਥਾਨ ਅਜਿਹੇ ਵੀ ਹਨ, ਜਿਥੇ ਕੰਡਿਆਲੀ ਤਾਰ ਪਾਣੀ ਦੇ ਐਨ ਕਿਨਾਰੇ 'ਤੇ ਅਤੇ ਜਾਂ ਫਿਰ ਪਾਣੀ ਦੇ ਵਿਚਕਾਰ ਲੱਗੀ ਹੋਈ ਹੈ ਪਰ ਫਿਰ ਵੀ ਜਾਂਬਾਜ਼ ਜਵਾਨਾਂ ਵੱਲੋਂ ਬੁਲੰਦ ਹੌਸਲਿਆਂ ਨਾਲ ਸਰਹੱਦ ਦੀ ਰਾਖੀ ਕੀਤੀ ਜਾ ਰਹੀ ਹੈ।

ਰਾਵੀ ਅਤੇ ਬਿਆਸ 'ਚ ਪਾਣੀ ਦਾ ਪੱਧਰ ਘਟਿਆ
ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ 'ਚੋਂ ਗੁਜ਼ਰਦੇ ਰਾਵੀ ਅਤੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਦੋ ਦਿਨ ਪਹਿਲਾਂ ਕਾਫੀ ਵਧਣ ਦੇ ਬਾਅਦ ਸੋਮਵਾਰ ਸ਼ਾਮ ਤੱਕ ਆਮ ਵਾਂਗ ਹੋ ਗਿਆ ਹੈ। ਵੈਸੇ ਤਾਂ ਦੋ ਦਿਨ ਪਹਿਲਾਂ ਵੀ ਇਨ੍ਹਾਂ ਦਰਿਆਵਾਂ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕਿਆ ਸੀ ਪਰ ਫਿਰ ਵੀ ਰਾਵੀ ਵਿਚ ਪਾਣੀ ਦੀ ਮਾਤਰਾ 1 ਲੱਖ 30 ਹਜ਼ਾਰ ਕਿਊਸਿਕ ਤੱਕ ਪਹੁੰਚ ਗਈ ਸੀ ਜਦੋਂ ਕਿ ਇਸ ਦਰਿਆ ਵਿਚੋਂ ਸਾਢੇ ਚਾਰ ਲੱਖ ਕਿਊਸਿਕ ਪਾਣੀ ਦਾ ਵਹਾਅ ਹੋਣ ਦੀ ਸੂਰਤ ਵਿਚ ਵੀ ਕੋਈ ਖਤਰਾ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਬਿਆਸ ਦਰਿਆ ਵਿਚ ਵੀ ਪਾਣੀ ਦਾ ਜ਼ਿਆਦਾ ਤੋਂ ਜ਼ਿਆਦਾ ਵਹਾਅ 80 ਹਜ਼ਾਰ ਕਿਊਸਿਕ ਤੱਕ ਹੀ ਹੋਇਆ ਸੀ ਜਦੋਂ ਕਿ ਇਸ ਦਰਿਆ ਦੀ ਸਮਰੱਥਾ ਢਾਈ ਲੱਖ ਕਿਊਸਿਕ ਤੱਕ ਦੀ ਹੈ। ਅੱਜ ਰਾਵੀ ਦਰਿਆ ਵਿਚ ਪੈਣ ਵਾਲੇ ਉਂਜ ਦਰਿਆ, ਜਲਾਲੀਆ, ਸ਼ਿੰਗਰਵਾਂ ਸਮੇਤ ਹੋਰ ਕਈ ਨਾਲਿਆਂ ਤੇ ਡਰੇਨਾਂ ਦਾ ਪਾਣੀ ਮਿਲਾ ਕੇ ਰਾਵੀ ਵਿਚੋਂ ਸਿਰਫ 26 ਹਜ਼ਾਰ ਕਿਊਸਿਕ ਪਾਣੀ ਹੀ ਵਹਿ ਰਿਹਾ ਹੈ ਜਦੋਂ ਕਿ ਬਿਆਸ ਵਿਚ ਸਿਰਫ 18 ਹਜ਼ਾਰ ਕਿਊਸਿਕ ਪਾਣੀ ਰਹਿ ਗਿਆ ਹੈ।

ਖਤਰਾ ਨਾ ਹੋਣ ਦੇ ਬਾਵਜੂਦ ਜਾਰੀ ਹੈ ਸਾਵਧਾਨੀ : ਡੀ. ਸੀ.
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਇਸ ਜ਼ਿਲੇ 'ਚ ਹੜ੍ਹ ਵਰਗਾ ਕੋਈ ਖਤਰਾ ਨਹੀਂ ਸੀ ਮੰਨਿਆ ਜਾ ਰਿਹਾ ਪਰ ਪਹਾੜੀ ਖੇਤਰ ਵਿਚ ਲਗਾਤਾਰ ਹੋਈ ਬਾਰਿਸ਼ ਅਤੇ ਮੌਸਮ ਵਿਭਾਗ ਵੱਲੋਂ ਦੋ ਦਿਨ ਹੋਰ ਬਾਰਿਸ਼ ਹੋਣ ਦੀ ਦਿੱਤੀ ਗਈ ਚਿਤਾਵਨੀ ਕਾਰਣ ਜ਼ਿਲੇ ਦੇ ਸਮੂਹ ਵਿਭਾਗਾਂ ਨੂੰ ਚੌਕਸ ਕਰ ਕੇ ਸਾਰੀ ਸਥਿਤੀ 'ਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸਮੁੱਚੇ ਜ਼ਿਲੇ ਅੰਦਰ ਦਰਿਆਵਾਂ ਦੀਆਂ ਧੁੱਸੀਆਂ ਪੂਰੀ ਤਰ੍ਹਾਂ ਮਜ਼ਬੂਤ ਹਨ ਅਤੇ ਕਿਸੇ ਵੀ ਜਗ੍ਹਾ 'ਤੇ ਕੋਈ ਡਰ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਇਲਾਕੇ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਸਕਦੇ ਸਨ, ਉਨ੍ਹਾਂ ਅੰਦਰ ਬਚਾਅ ਕਾਰਜਾਂ ਦੇ ਸਾਰੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਐਮਰਜੈਂਸੀ ਹਾਲਾਤ ਵਿਚ ਕੋਈ ਸਮੱਸਿਆ ਪੇਸ਼ ਨਾ ਆਵੇ। ਡੀ. ਸੀ. ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਨਾ ਘਬਰਾਉਣ।

ਉੱਚ ਅਧਿਕਾਰੀਆਂ ਨੇ ਦੌਰਾ ਕਰ ਕੇ ਸਾਰੀ ਸਥਿਤੀ ਦਾ ਲਿਆ ਜਾਇਜ਼ਾ
ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਵਹਿੰਦਾ ਰਾਵੀ ਦਰਿਆ ਕਈ ਵਾਰ ਪਾਕਿਸਤਾਨ 'ਚ ਹੋ ਕੇ ਭਾਰਤ ਵੱਲ ਜਾ ਦਾਖਲ ਹੁੰਦਾ ਹੈ ਅਤੇ ਕਈ ਥਾਈਂ ਰਾਵੀ ਦਾ ਪਾਣੀ ਕੰਡਿਆਲੀ ਤਾਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਵਾਰ ਵੀ ਕਈ ਥਾਵਾਂ 'ਤੇ ਤਾਰ ਦੇ ਆਲੇ-ਦੁਆਲੇ ਬਾਰਿਸ਼ ਦਾ ਪਾਣੀ ਭਰ ਜਾਣ ਕਾਰਣ ਜਵਾਨਾਂ ਨੂੰ ਗਸ਼ਤ ਕਰਨ ਵਿਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਇਥੋਂ ਤੱਕ ਕਿ ਦੋ ਦਿਨ ਪਹਿਲਾਂ ਰਾਵੀ ਵਿਚ ਪਾਣੀ ਦਾ ਪੱਧਰ ਕਾਫੀ ਵਧਣ ਕਾਰਣ ਜਵਾਨਾਂ ਨੂੰ ਸਰਹੱਦ ਦੀ ਰਾਖੀ ਲਈ ਹੋਰ ਵੀ ਸਖਤ ਮਿਹਨਤ ਕਰਨੀ ਪਈ। ਅੱਜ ਵੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਸਰਹੱਦ ਦਾ ਦੌਰਾ ਕਰ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਿਥੇ ਕਿਤੇ ਬਾਰਿਸ਼ ਨੇ ਨੁਕਸਾਨ ਕੀਤਾ ਹੈ ਉਸ ਨੂੰ ਦਰੁਸਤ ਕਰਨ ਦੇ ਪ੍ਰਬੰਧ ਕੀਤੇ ਗਏ।


cherry

Content Editor

Related News