21 ਨੂੰ ਕਪੂਰਥਲਾ ਤੇ 22 ਨੂੰ ਫਗਵਾੜਾ ''ਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ
Friday, Nov 21, 2025 - 12:53 AM (IST)
ਫਗਵਾੜਾ,ਕਪੂਰਥਲ਼ਾ (ਜਲੋਟਾ, ਮਹਾਜਨ) - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੱਢੀ ਜਾ ਰਹੀ ਸ਼ਤਾਬਦੀ ਯਾਤਰਾ ਦੇ ਰੂਟ ‘ਤੇ ਮੀਟ/ਮੱਛੀ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 163 ਅਤੇ ਪੰਜਾਬ ਲਿਕਰ ਲਾਇਸੈਂਸ ਰੁਲਜ਼ ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਹੁਕਮਾਂ ਨੂੰ ਜਾਰੀ ਕੀਤਾ ਗਿਆ ਹੈ।
ਜਾਰੀ ਹੁਕਮਾਂ ਅਨੁਸਾਰ 21 ਨਵੰਬਰ 2025 ਨੂੰ ਸਬ-ਡਵੀਜ਼ਨ ਕਪੂਰਥਲਾ ਅਤੇ 22 ਨਵੰਬਰ 2025 ਨੂੰ ਸਬ-ਡਵੀਜ਼ਨ ਫਗਵਾੜਾ ਵਿਖੇ ਸ਼ਹੀਦੀ ਯਾਤਰਾ ਦੌਰਾਨ ਦੇ ਰੂਟ ‘ਮੀਟ/ਮੱਛੀ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਕਪੂਰਥਲ਼ਾ ਵਿਚ 21 ਨਵੰਬਰ ਨੂੰ ਮੁੰਡ ਮੋੜ ਤੋਂ ਹੁੰਦੀ ਹੋਈ ਪਿੰਡ ਉੱਚਾ, ਪ੍ਰਵੇਜ ਨਗਰ,ਬੱਸ ਸਟੈਂਡ ਤੋਂ ਕਰਤਾਰਪੁਰ ਰੋਡ ਹੁੰਦੇ ਹੋਏ ਕਰਤਾਰਪੁਰ ਪਹੁੰਚੇਗੀ ਅਤੇ 22 ਨਵੰਬਰ ਨੂੰ ਜ਼ਿਲ੍ਹਾ ਜਲੰਧਰ ਤੋਂ ਫਗਵਾੜਾ ਵਿਚੋਂ ਲੰਘਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ। ਇਸ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਨ ਅਤੇ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਜ਼ਿਲ੍ਹਾ ਕਪੂਰਥਲਾ ਵਿਚ ਨਗਰ ਕੀਰਤਨ ਦੇ ਰੂਟ ਤੇ ਪੈਂਦੀਆਂ ਮੀਟ/ਮੱਛੀ ਅਤੇ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਨੀਆਂ ਜ਼ਰੂਰੀ ਹਨ।
