ਸ਼ਰਮਨਾਕ ਕਰਤੂਤ! ਤਲਾਕ ਮਗਰੋਂ ਪਹਿਲੀ ਪਤਨੀ ਦੀਆਂ ਇਤਰਾਜ਼ਯੋਗ ਫੋਟੋਆਂ ਇੰਸਟਾਗ੍ਰਾਮ ’ਤੇ ਕਰ''ਤੀਆਂ ਅਪਲੋਡ
Wednesday, Dec 03, 2025 - 07:12 PM (IST)
ਫਰੀਦਕੋਟ (ਜਗਦੀਸ਼)-ਸਹਿਮਤੀ ਨਾਲ ਤਲਾਕ ਲੈਣ ਉਪਰੰਤ ਪਹਿਲੇ ਪਤੀ ਵੱਲੋਂ ਇੰਸਟਾਗ੍ਰਾਮ ਆਈ. ਡੀ ’ਤੇ ਪਤਨੀ ਦੀਆਂ ਨਿੱਜੀ ਅਤੇ ਇਤਰਾਜ਼ਯੋਗ ਫੋਟੋਆਂ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਸਥਾਨਕ ਸਾਈਬਰ ਕ੍ਰਾਈਮ ਬ੍ਰਾਂਚ ਮੁਖੀ ਇੰਸ. ਗੁਰਾਂਦਿੱਤਾ ਸਿੰਘ ਵੱਲੋਂ ਕੀਤੀ ਜਾਂਚ ਉਪਰੰਤ ਵਿਆਹੁਤਾ ਦੇ ਪਹਿਲੇ ਪਤੀ ਹਰਸਿਮਰਨਜੀਤ ਸਿੰਘ ਵਾਸੀ ਕੋਟਕਪੂਰਾ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇੰਸ. ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਬਿਆਨਕਰਤਾ ਸੁਨੀਲ ਮਹਿਤਾ ਪੁੱਤਰ ਸੁਰਿੰਦਰ ਮਹਿਤਾ ਵਾਸੀ ਦੇਵੀਵਾਲਾ ਰੋਡ ਕੋਟਕਪੂਰਾ ਨੇ ਸਥਾਨਕ ਕ੍ਰਾਈਮ ਸੈੱਲ ’ਚ ਬਿਆਨ ਦਿੱਤਾ ਸੀ ਕਿ ਉਸ ਦੀ ਲੜਕੀ ਚਾਹਤ ਮਹਿਤਾ ਦਾ ਵਿਆਹ ਸਾਲ 2021 ’ਚ ਹਰਸਿਮਰਨਜੀਤ ਸਿੰਘ ਨਾਲ ਹੋਇਆ ਸੀ ਅਤੇ ਇਨ੍ਹਾਂ ਦੀ ਆਪਸ ’ਚ ਅਣ-ਬਣ ਹੋ ਜਾਣ ਕਾਰਨ ਦੋਵਾਂ ਧਿਰਾਂ ਦੀ ਸਹਿਮਤੀ ਨਾਲ 26 ਨਵੰਬਰ 2024 ਨੂੰ ਤਲਾਕ ਹੋ ਗਿਆ ਸੀ ਪਰ ਤਲਾਕ ਤੋਂ ਬਾਅਦ ਹਰਸਿਮਰਨਜੀਤ ਸਿੰਘ ਚਾਹਤ ਮਹਿਤਾ ਦੀਆਂ ਫੋਟੋਆਂ ਆਪਣੀ ਇੰਸਟਾਗ੍ਰਾਮ ਆਈ. ਡੀ ’ਤੇ ਪਾਉਣ ਲੱਗ ਪਿਆ ਤਾਂ ਸੁਨੀਲ ਮਹਿਤਾ ਨੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਨੂੰ 2 ਜਨਵਰੀ 2025 ਨੂੰ ਸ਼ਿਕਾਇਤ ਕੀਤੀ ਸੀ ਅਤੇ ਉਪਰੰਤ ਦੋਵਾਂ ਧਿਰਾਂ ਦੇ ਰਾਜ਼ੀਨਾਮੇ ਅਨੁਸਾਰ ਹਰਸਿਮਰਨਜੀਤ ਸਿੰਘ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਚਾਹਤ ਦੀਆਂ ਫੋਟੋਆਂ ਡਿਲੀਟ ਕਰ ਦੇਵੇਗਾ ਅਤੇ ਫਿਰ ਅਜਿਹਾ ਨਹੀਂ ਕਰੇਗਾ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਹਰਸਿਮਰਨਜੀਤ ਸਿੰਘ ਨੇ ਬੀਤੀ 11 ਨਵੰਬਰ 2025 ਨੂੰ ਦੁਬਾਰਾ ਚਾਹਤ ਮਹਿਤਾ ਦੀਆਂ ਨਿੱਜੀ ਅਤੇ ਇਤਰਾਜ਼ਯੋਗ ਫੋਟੋਆਂ ਇੰਸਟਾਗ੍ਰਾਮ ਆਈ. ਡੀ. ’ਤੇ ਵਾਇਰਲ ਕਰ ਦਿੱਤੀਆਂ, ਜਿਸ ਸਬੰਧੀ ਮੁੜ ਸ਼ਿਕਾਇਤ ਮਿਲਣ ’ਤੇ ਕੀਤੀ ਜਾਂਚ ਉਪਰੰਤ ਹਰਮਿਰਨਜੀਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ, ਜਦੋਂਕਿ ਇਸ ਮਾਮਲੇ ’ਚ ਗ੍ਰਿਫਤਾਰੀ ਅਜੇ ਬਾਕੀ ਹੈ।
