ਸ਼ਰਮਨਾਕ : ਮੰਦਬੁੱਧੀ ਕੁੜੀ ਨੂੰ ਜਿਸ ਆਸ਼ਰਮ 'ਚ ਮਿਲਿਆ ਆਸਰਾ ਉਸੇ ਦੇ ਸੰਚਾਲਕ ਨੇ ਕੀਤਾ ਇਹ ਕਾਰਾ
Friday, Feb 21, 2020 - 10:15 AM (IST)
ਗੁਰਾਇਆ (ਜ.ਬ.) : ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਜੋ ਲੋਕਾਂ ਦੇ ਸਾਹਮਣੇ ਆਉਣ ਨਾਲ ਇਲਾਕਾ ਵਾਸੀਆਂ 'ਚ ਆਸ਼ਰਮ ਦੇ ਸੰਚਾਲਕ ਖਿਲਾਫ ਖਾਸਾ ਗੁੱਸਾ ਪਾਇਆ ਜਾ ਰਿਹਾ ਹੈ। ਜ਼ਿਲਾ ਜਲੰਧਰ ਦੇ ਪਿੰਡ ਵਿਰਕਾਂ ਅਤੇ ਪਿੰਡ ਸਾਹਨੀ 'ਚ ਚੱਲ ਰਹੇ ਬਿਰਧ ਅਤੇ ਨੇਤਰਹੀਣ ਆਸ਼ਰਮ ਦੇ ਸੰਚਾਲਕ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਆਸ਼ਰਮ ਵਿਚ ਰਹਿ ਰਹੀ ਇਕ ਮੰਦਬੁੱਧੀ ਲੜਕੀ ਦੇ ਨਾਲ ਆਪਣੇ ਦਫਤਰ ਵਿਚ ਅਸ਼ਲੀਲ ਹਰਕਤਾਂ ਕਰਦੇ ਹੋਏ ਦੇਖਿਆ ਜਾ ਰਿਹਾ ਹੈ, ਜੋ 19 ਜਨਵਰੀ 2020 ਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਲੋਕਾਂ ਵਿਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਅਤੇ ਸੰਸਥਾਵਾਂ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਨੂੰ ਕਰਦੇ ਹੋਏ ਸੰਚਾਲਕ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੁੱਖ ਸਿੰਘ ਫਲਪੋਤਾ ਅਤੇ ਪਿੰਡ ਸਾਹਨੀ ਵਿਚ ਇਕ ਏਕੜ ਜ਼ਮੀਨ ਆਸ਼ਰਮ ਨੂੰ ਦਾਨ ਕਰਨ ਵਾਲੇ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਕਤ ਸੰਚਾਲਕ ਬਲਾਈਂਡ, ਗੁੰਗੀਆਂ ਅਤੇ ਮੰਦਬੁੱਧੀ ਲੜਕੀਆਂ ਨਾਲ ਅਕਸਰ ਹੀ ਛੇੜ-ਛਾੜ ਕਰਦਾ ਰਹਿੰਦਾ ਸੀ। ਜਿਸ ਦੀ ਸ਼ਿਕਾਇਤ ਅਕਸਰ ਆਉਂਦੀ ਸੀ ਪਰ ਕੋਈ ਸਬੂਤ ਨਾ ਹੋਣ ਕਾਰਨ ਇਹ ਬਚਦਾ ਆ ਰਿਹਾ ਸੀ ਪਰ 19 ਜਨਵਰੀ 2020 ਨੂੰ ਪਿੰਡ ਵਿਰਕਾਂ ਦੇ ਆਸ਼ਰਮ 'ਚ ਇਸ ਦੇ ਦਫਤਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋਈ ਵੀਡੀਓ ਵਿਚ ਦਿਖ ਰਿਹਾ ਹੈ ਕਿ ਉਕਤ ਸੰਚਾਲਕ ਇਕ ਲੜਕੀ ਨੂੰ ਟਾਫੀਆਂ ਦੇਣ ਦੇ ਬਹਾਨੇ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਹੈ, ਜੋ ਕਰੀਬ 3 ਮਿੰਟ ਦੀ ਵੀਡੀਓ ਸਾਹਮਣੇ ਆਈ ਹੈ।
ਇਸ ਦੀ ਸ਼ਿਕਾਇਤ ਫਗਵਾੜਾ ਪੁਲਸ ਨੂੰ ਕੀਤੀ ਗਈ ਹੈ ਪਰ ਉਕਤ ਘਟਨਾ ਪਿੰਡ ਵਿਰਕਾਂ ਦੀ ਹੋਣ ਕਾਰਨ ਪੁਲਸ ਨੇ ਇਸ ਨੂੰ ਗੁਰਾਇਆ ਥਾਣੇ ਦਾ ਮਾਮਲਾ ਦੱਸਿਆ, ਜਿਸ ਤੋਂ ਬਾਅਦ ਲੋਕਾਂ ਨੇ ਲਿਖਤੀ ਵਿਚ ਇਸ ਦੀ ਸ਼ਿਕਾਇਤ ਗੁਰਾਇਆ ਥਾਣੇ ਵਿਚ ਦੇ ਦਿੱਤੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਸੰਚਾਲਕ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਕਿਉਂਕਿ ਉਹ ਕਿਸੇ ਵੀ ਸਮੇਂ ਵਿਦੇਸ਼ ਭੱਜ ਸਕਦਾ ਹੈ। ਸੰਚਾਲਕ ਨਾਲ ਜਦ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਨਹੀਂ ਲੱਗ ਰਿਹਾ ਸੀ। ਜਦ 'ਜਗ ਬਾਣੀ' ਦੀ ਟੀਮ ਉਨ੍ਹਾਂ ਦੇ ਆਸ਼ਰਮ ਵਿਚ ਸੰਪਰਕ ਕਰਨ ਲਈ ਗਈ ਤਾਂ ਉਥੇ ਮੌਜੂਦ ਕਰਮਚਾਰੀ ਨੇ ਕਿਹਾ ਕਿ ਸੰਚਾਲਕ ਦੀ ਸਿਹਤ ਠੀਕ ਨਹੀਂ ਹੈ ਜੋ ਆਸ਼ਰਮ ਵਿਚ ਨਹੀਂ ਆਏ। ਐੱਸ.ਐੱਚ.ਓ. ਗੁਰਾਇਆ ਕੇਵਲ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੰਚਾਲਕ ਦੇ ਖਿਲਾਫ ਸ਼ਿਕਾਇਤ ਆ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਦੇ ਬਾਅਦ ਬਣਦੀ ਕਾਨੂੰਨ ਕਾਰਵਾਈ ਕੀਤੀ ਜਾਵੇਗੀ।