ਮਾਪਿਆਂ ’ਤੇ ਟੁੱਟਿਆ ਦੁੱਖ਼ਾਂ ਦਾ ਪਹਾੜ, ਅੱਗ ਨਾਲ ਝੁਲਸੇ 6 ਬੱਚੇ 8 ਦਿਨਾਂ ’ਚ ਤੁਰ ਗਏ ਜਹਾਨੋਂ

Wednesday, Jan 18, 2023 - 04:23 AM (IST)

ਮਾਪਿਆਂ ’ਤੇ ਟੁੱਟਿਆ ਦੁੱਖ਼ਾਂ ਦਾ ਪਹਾੜ, ਅੱਗ ਨਾਲ ਝੁਲਸੇ 6 ਬੱਚੇ 8 ਦਿਨਾਂ ’ਚ ਤੁਰ ਗਏ ਜਹਾਨੋਂ

ਮੁੱਲਾਂਪੁਰ ਦਾਖਾ (ਕਾਲੀਆ)-8 ਜਨਵਰੀ ਨੂੰ ਪਿੰਡ ਮੰਡਿਆਣੀ ’ਚ ਝੁੱਗੀ ਨੂੰ ਅੱਗ ਲੱਗਣ ਕਾਰਨ ਝੁਲਸੇ 6 ਬੱਚੇ 8 ਦਿਨਾਂ ’ਚ ਇਕ-ਇਕ ਕਰਕੇ ਮਾਂ-ਬਾਪ ਸਾਹਮਣੇ ਤੜਫ਼ਦੇ ਹੋਏ ਜਹਾਨੋਂ ਚਲੇ ਗਏ ਪਰ ਡਾਕਟਰ ਵੀ ਉਨ੍ਹਾਂ ਨੂੰ ਬਚਾ ਨਹੀਂ ਸਕੇ। ਪ੍ਰਵਾਸੀ ਮਜ਼ਦੂਰ ਦੀ ਮੱਦਦ ਲਈ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਨੇ ਕੋਈ ਮੱਦਦ ਤਾਂ ਕੀ ਕਰਨੀ ਸੀ, ਦਿਲੀ ਹਮਦਰਦੀ ਪ੍ਰਗਟ ਕਰਨ ਲਈ ਵੀ ਕੋਈ ਨਹੀਂ ਬਹੁੜਿਆ, ਜਦਕਿ ਪਿੰਡ ਵਾਸੀਆਂ ਨੇ ਉਸ ਦੀ ਮਦਦ ਕੀਤੀ। ਉਥੇ ਹੀ ਪੰਚ ਮਨਦੀਪ ਸਿੰਘ ਨੇ ਉਸ ਦੇ ਝੁਲਸੇ ਬੱਚਿਆਂ ਨੂੰ ਪ੍ਰਵਾਸੀ ਭਾਰਤੀਆਂ ਵੱਲੋਂ ਪਿੰਡ ਨੂੰ ਦਾਨ ਦਿੱਤੀ ਐਂਬੂਲੈਂਸ ਰਾਹੀਂ ਪਹਿਲਾਂ ਸਿਵਲ ਹਸਪਤਾਲ ਲੁਧਿਆਣਾ, ਫਿਰ 32 ਸੈਕਟਰ ਸਰਕਾਰੀ ਹਸਪਤਾਲ ਚੰਡੀਗੜ੍ਹ ਤੋਂ ਬਾਅਦ ਪੀ. ਜੀ. ਆਈ. ਹਸਪਤਾਲ ਦਾਖ਼ਲ ਕਰਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ  : ਭਿਆਨਕ ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 21 ਸਾਲਾ ਨੌਜਵਾਨ ਦੀ ਮੌਤ

ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਅਤੇ ਸਮੂਹ ਪੰਚਾਇਤ ਵੱਲੋਂ ਇਕ ਪੱਤਰ ਪੀ. ਜੀ. ਆਈ. ਹਸਪਤਾਲ ਨੂੰ ਲਿਖ ਕੇ ਫ੍ਰੀ ਇਲਾਜ ਕਰਵਾਉਣ ਲਈ ਅਪੀਲ ’ਤੇ ਹਸਪਤਾਲ ਨੇ ਫ੍ਰੀ ਇਲਾਜ ਕੀਤਾ। ਉਥੇ ਹੀ ਸੱਤਿਆ ਸਾਈ ਸੰਸਥਾ ਚੰਡੀਗੜ੍ਹ ਸਾਰੀਆਂ ਦਵਾਈਆਂ ਦਾ ਖਰਚ ਆਪ ਚੁੱਕ ਕੇ ਗਰੀਬ ਪਰਿਵਾਰ ਦੀ ਮੱਦਦ ਲਈ ਰੱਬ ਬਣ ਕੇ ਬਹੁੜੀ। ਰਿਸ਼ਤੇਦਾਰ ਸੀਤਾਰਾਮ ਨੇ ਦੱਸਿਆ ਕਿ ਉਸ ਦੇ ਜੀਜੇ ਭੂਦਨ ਕੁਮਾਰ ਅਤੇ ਭੈਣ ਸੁਨੀਤਾ ਦੇ ਥਿਰਕਦੇ ਬੁੱਲ੍ਹ ਅਤੇ ਅੱਖਾਂ ’ਚੋਂ ਵਗਦੇ ਹੰਝੂਆਂ ਅਤੇ ਧਾਹਾਂ ਮਾਰ ਕੇ ਰੋਂਦਿਆਂ ਨੂੰ ਵੇਖ ਕੇ ਹਰ ਇਕ ਦਾ ਦਿਲ ਪਸੀਜ ਰਿਹਾ ਸੀ, ਜਦੋਂ ਉਹ ਦੁਹਾਈ ਪਾ ਰਹੇ ਸਨ ਕਿ ਰੱਬਾ ਤੂੰ ਇਹ ਕੀ ਸਾਡੇ ’ਤੇ ਕਹਿਰ ਮਚਾਇਆ।

PunjabKesari

ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਦੋ-ਟੁੱਕ, ਪੰਜਾਬ ’ਚ ਨਹੀਂ ਹੋਵੇਗੀ ਜੀ. ਐੱਮ. ਸਰ੍ਹੋਂ ਦੀ ਖੇਤੀ

9 ਜਨਵਰੀ ਨੂੰ ਉਸ ਦੇ ਦੋ ਲੜਕੇ ਮੋਹਣ ਉਰਫ ਬਿਰਜੂ ਅਤੇ ਸ਼ੁਕਰਾ ਨੇ ਸਰਕਾਰੀ ਹਸਪਤਾਲ ਚੰਡੀਗੜ੍ਹ ’ਚ ਆਖਰੀ ਸਾਹ ਲਿਆ ਸੀ, ਜਦਕਿ ਪੀ. ਜੀ. ਆਈ. ’ਚ ਲੋਹੜੀ ਵਾਲੀ ਰਾਤ 13 ਜਨਵਰੀ ਨੂੰ ਲੜਕੇ ਪ੍ਰਵੀਨ ਨੇ ਦਮ ਤੋੜ ਦਿੱਤਾ ਸੀ ਅਤੇ ਮਾਘੀ ਵਾਲੇ ਦਿਨ 14 ਜਨਵਰੀ ਨੂੰ ਲੜਕੀ ਕੋਮਲ ਦੀ ਮੌਤ ਹੋ ਗਈ ਸੀ ਅਤੇ 16 ਜਨਵਰੀ ਨੂੰ ਲੜਕੇ ਅਮਨੂੰ ਨੇ ਸਾਹ ‌ਤਿਆਗ ਦਿੱਤੇ, ਜਦਕਿ 17 ਜਨਵਰੀ ਨੂੰ ਲੜਕੀ ਰਾਧਿਕਾ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ ਹਨ।

ਇੱਥੇ ਦੱਸਣਯੋਗ ਹੈ ਕਿ ਪੰਚ ਮਨਦੀਪ ਸਿੰਘ ਮੰਡਿਆਣੀ ਦੀ ਮੋਟਰ ’ਤੇ ਝੁੱਗੀ ਬਣਾ ਕੇ ਰੈਣ ਬਸੇਰਾ ਕਰ ਰਿਹਾ ਭੂਦਨ ਕੁਮਾਰ 8 ਜਨਵਰੀ ਦੀ ਰਾਤ ਨੂੰ ਪਿੰਡ ’ਚ ਮਜ਼ਦੂਰੀ ਕਰਨ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਸੁਨੀਤਾ ਆਪਣੇ 7 ਬੱਚਿਆਂ ਨੂੰ ਸੁਲਾ ਕੇ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਕਿ ਝੁੱਗੀ ’ਚ ਬਲ਼ ਰਿਹਾ ਦੀਵਾ ਅਚਾਨਕ ਡਿੱਗ ਜਾਣ ਕਾਰਨ ਝੁੱਗੀ ਨੂੰ ਅੱਗ ਲੱਗ ਗਈ। ਸੁਨੀਤਾ ਨੇ ਆਪਣੀ 4 ਮਹੀਨਿਆਂ ਦੀ ਬੱਚੀ ਇੰਦੂ ਨੂੰ ਬਾਹਰ ਕੱਢ ਲਿਆ, ਜਦਕਿ ਹੋਰ ਬੱਚਿਆਂ ਨੂੰ ਬਾਹਰ ਕੱਢ ਪਾਉਂਦੀ, ਉਦੋਂ ਤੱਕ ਝੁੱਗੀ ਨੂੰ ਲੱਗੀ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੂਹਣ ਲੱਗ ਪਈਆਂ ਸਨ ਪਰ ਉਸ ਦੇ 6 ਬੱਚੇ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਸਸਕਾਰ ’ਤੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਜੀਜੇ-ਸਾਲੇ ਦੀ ਦਰਦਨਾਕ ਮੌਤ

4 ਮਹੀਨਿਆਂ ਦੀ ਬੱਚੀ ਹੀ ਸਾਡੇ ਜਿਊਣ ਦਾ ਸਹਾਰਾ : ਮਾਂ-ਪਿਓ

ਆਪਣੀਆਂ ਅੱਖਾਂ ਸਾਹਮਣੇ ਆਪਣੀ ਉੱਜੜੀ ਫੁਲਵਾੜੀ ਨੂੰ ਬਿਆਨ ਕਰਦਿਆਂ ਭੂਦਨ ਅਤੇ ਸੁਨੀਤਾ ਮਾਂ-ਬਾਪ ਨੇ ਕਿਹਾ ਕਿ ਸਾਡਾ ਜਿਊਣ ਦਾ ਕੋਈ ਹੱਜ ਨਹੀਂ, ਬਸ ਸਾਡੀ 4 ਮਹੀਨਿਆਂ ਦੀ ਬੱਚੀ ਇੰਦੂ ਹੀ ਜਿਊਣ ਦਾ ਸਹਾਰਾ ਹੈ। ਇਹੀ ਹੁਣ ਸਾਡਾ ਸਭ ਕੁਝ ਹੈ। ਪ੍ਰਮਾਤਮਾ ਨੇ ਪਤਾ ਨਹੀਂ ਸਾਨੂੰ ਸਾਡੇ ਕਿਹੜੇ ਪਾਪਾਂ ਦੀ ਸਜ਼ਾ ਦਿੱਤੀ ਹੈ ਕਿ ਸਾਡਾ ਚਮਨ ਹੀ ਉਜਾੜ ਕੇ ਰੱਖ ਦਿਤਾ। ਅਸੀਂ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦੇ ਹਾਂ ਕਿ ਜਿਵੇਂ ਸਾਡਾ ਹੱਸਦਾ-ਵੱਸਦਾ ਪਰਿਵਾਰ ਉੱਜੜ ਗਿਆ, ਹੁਣ ਕਿਸੇ ਹੋਰ ਦਾ ਚਮਨ ਨਾ ਉੱਜੜਨ ਦੇਈਂ। 


author

Manoj

Content Editor

Related News