ਸਕੱਤਰ ਐਜੂਕੇਸ਼ਨ ਦੀ ਚੈਕਿੰਗ ''ਚ ਹੋਇਆ ਖੁਲਾਸਾ ਟੀਚਰ ਨੇ ਵਿਦਿਆਰਥੀ ਨੂੰ ਦੇ ਦਿੱਤੇ 7 ''ਚੋਂ 10 ਨੰਬਰ

09/23/2017 4:52:41 AM

ਲੁਧਿਆਣਾ(ਵਿੱਕੀ)-ਹੁਣ ਇਸ ਨੂੰ ਪੇਪਰ ਚੈਕਿੰਗ ਕਰਨ ਦੀ ਜਲਦਬਾਜ਼ੀ ਕਿਹਾ ਜਾਵੇ ਜਾਂ ਫਿਰ ਲਾਪ੍ਰਵਾਹੀ ਪਰ ਲੁਧਿਆਣਾ ਦੇ ਸਰਕਾਰੀ ਸਕੂਲ ਦੇ ਇਕ ਅਧਿਆਪਕ ਨੇ ਸਤੰਬਰ ਵਿਚ ਹੋਈਆਂ ਪ੍ਰੀਖਿਆਵਾਂ ਦੀ ਅਸੈੱਸਮੈਂਟ ਕਰਦੇ ਸਮੇਂ ਮਾਰਕਿੰਗ ਦਾ ਫਾਰਮੂਲਾ ਬਦਲਦੇ ਹੋਏ ਇਕ ਵਿਦਿਆਰਥੀਆਂ ਨੂੰ ਉੱਤਰ ਪੁਸਤਕ 'ਤੇ 7 'ਚੋਂ 10 ਨੰਬਰ ਦੇ ਦਿੱਤੇ।   ਇਸ ਗੱਲ ਦਾ ਖੁਲਾਸਾ ਸ਼ੁੱਕਰਵਾਰ ਨੂੰ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਟੀਮ ਵੱਲੋਂ ਸਕੂਲ ਵਿਚ ਕੀਤੀ ਗਈ ਚੈਕਿੰਗ ਦੌਰਾਨ ਹੋਇਆ। ਚੈਕਿੰਗ ਤੋਂ ਬਾਅਦ ਜਦੋਂ ਸਕੱਤਰ ਐਜੂਕੇਸ਼ਨ ਨੇ ਆਰ. ਐੱਸ. ਮਾਡਲ ਸਕੂਲ ਵਿਚ ਜ਼ਿਲੇ ਦੇ ਸਮੂਹ ਹਾਈ ਅਤੇ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਲਈ ਤਾਂ ਉਸ ਦੌਰਾਨ ਉਕਤ ਕੇਸ ਸਾਹਮਣੇ ਆਉਣ 'ਤੇ ਸਕੱਤਰ ਐਜੂਕੇਸ਼ਨ ਨੇ ਜਿੱਥੇ ਸਕੂਲ ਮੁਖੀ ਦੀ ਕਲਾਸ ਲਾਈ, ਉਥੇ ਡੀ. ਈ. ਓ. ਸਵਰਨਜੀਤ ਕੌਰ ਨੂੰ ਵੀ ਪਿੰ੍ਰਸੀਪਲ ਅਤੇ ਸੰਬੰਧਿਤ ਅਧਿਆਪਕ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ।
ਇਸ ਤੋਂ ਪਹਿਲਾਂ ਸਕੱਤਰ ਐਜੂਕੇਸ਼ਨ ਦੇ ਹੁਕਮਾਂ 'ਤੇ ਡੀ. ਪੀ. ਆਈ. ਪਰਮਜੀਤ ਸਿੰਘ ਅਤੇ ਹੋਰ ਅਧਿਕਾਰੀਆਂ 'ਤੇ ਆਧਾਰਿਤ ਵਿਭਾਗੀ ਦੋ ਦਰਜਨ ਟੀਮਾਂ ਨੇ ਸਵੇਰ ਤੋਂ ਹੀ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਇਕੋ ਸਮੇਂ ਚੈੱਕ ਕੀਤੇ, ਜਿੱਥੇ 5 ਅਧਿਆਪਕ ਗੈਰਹਾਜ਼ਰ ਮਿਲਣ ਤੋਂ ਇਲਾਵਾ 51 ਅਧਿਆਪਕ ਲੇਟ ਸਕੂਲ ਆਉਂਦੇ ਫੜੇ ਗਏ, ਨਾਲ ਹੀ 13 ਅਧਿਆਪਕ ਅਜਿਹੇ ਮਿਲੇ ਜੋ ਪਿਛਲੇ ਲੰਬੇ ਸਮੇਂ ਤੋਂ ਗੈਰਹਾਜ਼ਰ ਚੱਲ ਰਹੇ ਸਨ।  ਉਧਰ, ਸਕੱਤਰ ਦੀਆਂ ਟੀਮਾਂ ਵੱਲੋਂ ਲੁਧਿਆਣਾ ਵਿਚ ਕੀਤੀ ਜਾ ਰਹੀ ਚੈਕਿੰਗ ਦੀ ਸੂਚਨਾ ਅੱਗ ਵਾਂਗ ਫੈਲ ਗਈ ਅਤੇ ਅਧਿਆਪਕ ਇਕ-ਦੂਜੇ ਤੋਂ ਇਸ ਸਬੰਧੀ ਜਾਣਕਾਰੀ ਜੁਟਾਉਂਦੇ ਰਹੇ। ਇਸ ਸਬੰਧੀ ਪੂਰਾ ਦਿਨ ਅਫਵਾਹਾਂ ਦਾ ਦੌਰ ਵੀ ਜਾਰੀ ਰਿਹਾ, ਜਿਸ ਵਿਚ ਇਹ ਗੱਲ ਪ੍ਰਮੁੱਖ ਰੂਪ ਨਾਲ ਚੱਲਦੀ ਰਹੀ ਕਿ ਚੈਕਿੰਗ ਟੀਮ ਫਲਾਣੇ ਸਕੂਲ ਵਿਚ ਪੁੱਜ ਰਹੀ ਹੈ।
ਸਰਪਲੱਸ ਅਧਿਆਪਕਾਂ ਨੂੰ ਭੇਜਿਆ ਜਾਵੇਗਾ ਜ਼ਰੂਰਤ ਵਾਲੇ ਸਕੂਲਾਂ 'ਚ
ਮਿਡਲ ਸਕੂਲਾਂ ਵਿਚ ਘੱਟ ਬੱਚਿਆਂ ਅਤੇ ਜ਼ਿਆਦਾ ਅਧਿਆਪਕਾਂ ਸਬੰਧੀ ਮਾਮਲਾ ਸਾਹਮਣੇ ਆਉਣ 'ਤੇ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਬੱਚਿਆਂ ਦੇ ਅਨੁਪਾਤ ਮੁਤਾਬਕ ਜ਼ਿਆਦਾ ਹੈ, ਉਨ੍ਹਾਂ ਸਕੂਲਾਂ ਦੇ ਅਧਿਆਪਕ ਹਫਤੇ ਵਿਚ ਤਿੰਨ ਦਿਨ ਨੇੜਲੇ ਸਕੂਲਾਂ ਵਿਚ ਕਲਾਸਾਂ ਲੈਣ ਜਾਣਗੇ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਵੀ ਹਰ ਰੋਜ਼ ਆਪਣੇ ਵਿਸ਼ਿਆਂ ਸਬੰਧੀ ਕਲਾਸਾਂ ਲੈਣ ਦੇ ਹੁਕਮ ਦੁਹਰਾਏ। ਸਰਪਲੱਸ ਅਧਿਆਪਕਾਂ ਨੂੰ ਲੋੜ ਪੈਣ 'ਤੇ ਅਜਿਹੇ ਸਕੂਲਾਂ ਵਿਚ ਭੇਜਿਆ ਜਾਵੇ, ਜਿੱਥੇ ਅਸਲ ਵਿਚ ਹੀ ਅਧਿਆਪਕਾਂ ਦੀ ਕਮੀ ਹੈ।
ਇਹ ਵੀ ਦਿੱਤੇ ਨਿਰਦੇਸ਼
ਸਕੱਤਰ ਨੇ ਸਕੂਲ ਮੁਖੀਆਂ ਨੂੰ ਸਕੂਲਾਂ ਵਿਚ ਖੇਡ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਗਰਾਊਂਡਾਂ ਦੀ ਵਿਵਸਥਾ ਦਰੁਸਤ ਰੱਖਣ ਤੋਂ ਇਲਾਵਾ ਬੱਚਿਆਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਯੋਗ ਢੰਗ ਨਾਲ ਰੱਖਣ ਅਤੇ ਸਾਫ-ਸਫਾਈ ਦਾ ਵੀ ਧਿਆਨ ਰੱਖਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ।
ਲੇਟ ਲਤੀਫਾਂ ਨੂੰ ਜਾਰੀ ਹੋਣਗੇ ਸ਼ੋਅਕਾਜ਼ ਨੋਟਿਸ, ਲੱਗੇਗੀ 1 ਦਿਨ ਦੀ ਛੁੱਟੀ
ਅੱਜ ਦੀ ਚੈਕਿੰਗ ਦੌਰਾਨ ਕੁਝ ਮਿੰਟ ਲੇਟ ਪਾਏ ਗਏ ਅਧਿਆਪਕਾਂ ਦੀ ਪੂਰੇ ਦਿਨ ਦੀ ਛੁੱਟੀ ਲਾਉਣ ਦੇ ਨਿਰਦੇਸ਼ ਸਕੂਲ ਮੁਖੀਆਂ ਨੂੰ ਦਿੱਤੇ, ਜੋ ਅਧਿਆਪਕ ਜ਼ਿਆਦਾ ਦੇਰ ਨਾਲ ਸਕੂਲ ਪੁੱਜੇ, ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰਨ ਦੇ ਲਈ ਐਜੂਕੇਸ਼ਨ ਸਕੱਤਰ ਨੇ ਕਿਹਾ। ਮੀਟਿੰਗ ਦੌਰਾਨ ਸਕੱਤਰ ਨੇ ਦੋ ਟੁਕ ਕਿਹਾ ਕਿ ਜੇਕਰ ਕਿਸੇ ਸਕੂਲ ਵਿਚ ਕੋਈ ਵੀ ਅਧਿਆਪਕ ਕਲਾਸ ਸਮੇਂ ਦੌਰਾਨ ਮੋਬਾਇਲ ਚਲਾਉਂਦਾ ਫੜਿਆ ਗਿਆ ਤਾਂ ਉਸ 'ਤੇ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਡੀ. ਈ. ਓ. ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਅਧਿਆਪਕ ਸਕੂਲ ਸਮੇਂ ਦੌਰਾਨ ਸਿੱਖਿਆ ਵਿਭਾਗ ਦੇ ਦਫਤਰ ਵਿਚ ਨਹੀਂ ਆਉਣਾ ਚਾਹੀਦਾ। ਜੇਕਰ ਕੋਈ ਅਧਿਆਪਕ ਵਿਭਾਗੀ ਦਫਤਰ ਵਿਚ ਪਾਇਆ ਜਾਂਦਾ ਹੈ ਤਾਂ ਉਸ ਤੋਂ ਜਵਾਬ-ਤਲਬੀ ਕੀਤੀ ਜਾਵੇ।
ਆਨ ਡਿਊਟੀ ਸਕੂਲ ਤੋਂ ਨਹੀਂ ਜਾਣਗੇ ਅਧਿਆਪਕ
ਸਕੱਤਰ ਐਜੂਕੇਸ਼ਨ ਨੇ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਅਧਿਆਪਕ ਨੂੰ ਆਨ ਡਿਊਟੀ ਸਕੂਲ ਤੋਂ ਨਾ ਭੇਜਿਆ ਜਾਵੇ। ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਵੀ ਨਾਨ-ਟੀਚਿੰਗ ਸਟਾਫ ਨੂੰ ਹੀ ਸਕੂਲ ਤੋਂ ਭੇਜਿਆ ਜਾਵੇ। ਪੇਪਰਾਂ ਦੀ ਗਲਤ ਮਾਰਕਿੰਗ ਸਬੰਧੀ ਆ ਰਹੀਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਆਪਣੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣਾ ਹੋਵੇਗਾ ਕਿਉਂਕਿ ਇਹ ਕੇਸ ਸਿੱਧੇ ਤੌਰ 'ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਖਾਮੀਆਂ ਸਬੰਧੀ ਕੀਤੀ ਜਵਾਬ-ਤਲਬੀ
ਚੈਕਿੰਗ ਖਤਮ ਹੋਣ ਤੋਂ ਬਾਅਦ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲੇ ਦੇ ਸਮੂਹ ਹਾਈ, ਸੈਕੰਡਰੀ ਅਤੇ ਚੈੱਕ ਕੀਤੇ ਗਏ ਮਿਡਲ ਸਕੂਲਾਂ ਦੇ ਮੁਖੀਆਂ ਦੀ ਮੀਟਿੰਗ ਆਰ. ਐੱਸ. ਮਾਡਲ ਸਕੂਲ ਵਿਚ ਬੁਲਾਈ। ਮੀਟਿੰਗ ਦੌਰਾਨ ਚੈਕਿੰਗ ਟੀਮਾਂ ਦੀ ਰਿਪੋਰਟ ਦੇ ਨਾਲ ਹੀ ਕ੍ਰਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਤੋਂ ਕਮੀਆਂ ਲੈ ਕੇ ਜਵਾਬ-ਤਲਬੀ ਕੀਤੀ। ਇਹੀ ਨਹੀਂ, ਉਨ੍ਹਾਂ ਨੇ ਜ਼ਿਆਦਾ ਖਾਮੀਆਂ ਵਾਲੇ ਸਕੂਲਾਂ ਦੇ ਮੁਖੀਆਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਨ ਦੇ ਹੁਕਮ ਵੀ ਡੀ. ਈ. ਓ. ਨੂੰ ਦਿੱਤੇ।


Related News