ਵਿੱਤੀ ਸੰਕਟ ਦੇ ਬਾਵਜੂਦ ਸਰਕਾਰ ਪੰਜਾਬੀ ਭਾਸ਼ਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਿਆਰ
Monday, Mar 12, 2018 - 06:50 AM (IST)
ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਹਾਲਾਂਕਿ ਪੰਜਾਬ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ, ਇਸ ਦੇ ਬਾਵਜੂਦ ਰਾਜ ਸਰਕਾਰ ਪੰਜਾਬੀ ਭਾਸ਼ਾ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਤਿਆਰ ਹੈ। ਅੱਜ ਇਥੇ 2 ਦਿਨਾ 6ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਸਮਾਪਤੀ ਸਮਾਰੋਹ 'ਤੇ ਮੁੱਖ ਮਹਿਮਾਨ ਦੇ ਤੌਰ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਕਾਨਫਰੰਸ 'ਚ ਜਿਨ੍ਹਾਂ ਸਮੱਸਿਆਵਾਂ 'ਤੇ ਵਿਚਾਰ ਹੋਈ ਹੈ, ਉਹ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਸਬੰਧਤ ਨਹੀਂ ਹੈ। ਅਜਿਹੇ 'ਚ ਸਾਨੂੰ ਸਾਰਿਆਂ ਨੂੰ ਆਪਣੀ ਸਿਆਸੀ ਵਿਚਾਰਧਾਰਾ ਤੋਂ ਉੱਪਰ ਉੁੱਠ ਕੇ ਇਕੱਠੇ ਮਿਲ ਕੇ ਪੰਜਾਬੀ ਭਾਸ਼ਾ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਅੱਗੇ ਆਉਣਾ ਪਵੇਗਾ।
ਇਸ ਸੈਸ਼ਨ ਦੀ ਪ੍ਰਧਾਨਗੀ ਐੱਚ. ਐੱਸ. ਹੰਸਪਾਲ, ਚੇਅਰਮੈਨ, ਵਰਲਡ ਪੰਜਾਬੀ ਕਾਨਫਰੰਸ ਅਤੇ ਸਾਬਕਾ ਐੱਮ. ਪੀ. ਨੇ ਕੀਤੀ। ਉਥੇ ਹੀ ਧੰਨਵਾਦ ਪ੍ਰਸਤਾਵ ਡਾ. ਸੁਰਜੀਤ ਪਾਤਰ ਪਦਮਸ਼੍ਰੀ ਅਤੇ ਚੇਅਰਮੈਨ, ਪੰਜਾਬ ਆਰਟਸ ਕੌਂਸਲ ਨੇ ਦਿੱਤਾ।
ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਪੰਜਾਬੀ ਭਾਸ਼ਾ 'ਤੇ ਇਕ ਵਿਸ਼ੇਸ਼ ਸੈਸ਼ਨ ਨਾਲ ਹੋਈ। ਇਸ ਦਾ ਸੰਚਾਲਨ ਪ੍ਰੋ. ਜੋਗਾ ਸਿੰਘ ਨੇ ਕੀਤਾ। ਇਸ ਸੈਸ਼ਨ 'ਚ ਸਵਰਨ ਸਿੰਘ ਵਿਰਕ, ਸੁਖਵਿੰਦਰ ਅੰਮ੍ਰਿਤ, ਪ੍ਰੋ. ਧਰਮ ਸਿੰਘ ਅਤੇ ਖਾਲਿਦ ਹੁਸੈਨ ਨੇ ਪੰਜਾਬੀ ਭਾਸ਼ਾ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ 'ਤੇ ਆਪਣੀ ਗੱਲ ਰੱਖੀ। ਅਗਲਾ ਸੈਸ਼ਨ ਸਾਹਿਤ ਅਤੇ ਹੋਰ ਕਲਾਵਾਂ 'ਤੇ ਸੀ। ਡਾ. ਰਵੀ ਰਵਿੰਦਰ ਨੇ ਸੈਸ਼ਨ ਦਾ ਸੰਚਾਲਨ ਕੀਤਾ। ਡਾ. ਜਸਵਿੰਦਰ ਸਿੰਘ, ਵਰਿਆਮ ਸੰਧੂ, ਕੇਵਲ ਧਾਲੀਵਾਲ, ਡਾ. ਨਿਵੇਦਿਤਾ ਸਿੰਘ ਅਤੇ ਡਾ. ਹਰਜੀਤ ਸਿੰਘ ਨੇ ਇਸ ਸੈਸ਼ਨ 'ਚ ਆਪਣੀ ਗੱਲ ਰੱਖੀ। ਉਨ੍ਹਾਂ ਪੰਜਾਬੀ ਸਾਹਿਤ, ਸੱਭਿਆਚਾਰ, ਥੀਏਟਰ, ਸੰਗੀਤ ਅਤੇ ਸਿਨੇਮਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਪੰਜਾਬੀ ਡਾਇਸਪੋਰਾ ਨਾਲ ਸਬੰਧਤ ਇਕ ਸੈਸ਼ਨ 'ਚ ਸੁਖੀ ਬਾਠ, ਇਕਬਾਲ ਮਾਹਲ, ਮਨਮੋਹਨ ਮਾਹੇਰ ਅਤੇ ਹਰਜੀਤ ਅਟਵਾਲ ਬਤੌਰ ਪੈਨਲਿਸਟ ਸ਼ਾਮਿਲ ਸਨ। ਅਗਲੇ ਰਾਜਨੀਤਕ ਸੈਸ਼ਨ 'ਚ ਅਕਾਲੀ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਦੇ ਇਕਬਾਲ ਸਿੰਘ ਲਾਲਪੁਰਾ, 'ਆਪ' ਦੇ ਡਾ. ਭੀਮਇੰਦਰ ਸਿੰਘ ਅਤੇ ਸੀ. ਪੀ. ਆਈ. ਐੱਮ. ਤੋਂ ਹਰਦੇਵ ਸਿੰਘ ਅਰਸ਼ੀ ਨੇ ਹਿੱਸਾ ਲਿਆ।
ਸਾਰੇ ਆਗੂਆਂ ਨੇ ਕਾਨਫਰੰਸ 'ਚ ਉਠਾਏ ਗਏ ਵੱਖ-ਵੱਖ ਮੁੱਦਿਆਂ 'ਤੇ ਆਪਣੇ ਸਮੂਹਿਕ ਵਿਚਾਰ ਦਿੱਤੇ। ਸਾਰਿਆਂ ਦੀਆਂ ਸਮੂਹਿਕ ਕੋਸ਼ਿਸ਼ਾਂ ਨਾਲ ਕਾਨਫਰੰਸ ਸਫਲਤਾ ਨਾਲ ਖ਼ਤਮ ਹੋਈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਹੋਰ ਬੁਲੰਦ ਹੋਇਆ : ਅਰੁਣਾ ਚੌਧਰੀ
ਉੁਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ ਬੀਤੀ ਰਾਤ ਪੰਜਾਬ ਭਵਨ ਵਿਖੇ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੈਲੀਗੇਟਾਂ ਦੇ ਰਾਤਰੀ ਭੋਜ ਦੀ ਮਹਿਮਾਨਨਿਵਾਜ਼ੀ ਕੀਤੀ। ਚੌਧਰੀ ਨੇ ਚੰਡੀਗੜ੍ਹ ਵਿਖੇ ਦੋ ਰੋਜ਼ਾ ਕਾਨਫਰੰਸ 'ਚ ਦੇਸ਼-ਵਿਦੇਸ਼ ਤੋਂ ਹਿੱਸਾ ਲੈਣ ਆਏ ਸਾਹਿਤਕਾਰਾਂ ਦਾ ਸੁਆਗਤ ਕੀਤਾ। ਇਸ ਮੌਕੇ ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਇਸ ਕਾਨਫਰੰਸ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਹੋਰ ਬੁਲੰਦ ਹੋਇਆ ਹੈ। ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਅਜਿਹੇ ਉੱਦਮਾਂ ਦਾ ਸਰਕਾਰ ਵਲੋਂ ਪੂਰਾ ਸਾਥ ਦਿੱਤਾ ਜਾਵੇਗਾ। ਪੰਜਾਬ ਭਵਨ ਦੇ ਵਿਹੜੇ ਵਿਖੇ ਹੋਏ ਰਾਤਰੀ ਭੋਜ ਦੌਰਾਨ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਸਬੰਧੀ ਵੱਖ-ਵੱਖ ਚੋਟੀ ਦੇ ਲਿਖਾਰੀਆਂ ਵਲੋਂ ਲਿਖੀਆਂ ਸਤਰਾਂ ਦੇ ਹੋਰਡਿੰਗਜ਼ ਵੀ ਲਾਏ ਗਏ ਸਨ।
