ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ੀ ਸੁਪਨੇ ਦਿਖਾ ਕੇ ਆਈਐੱਸਆਈ ਦੇ ਜਾਲ ''ਚ ਫਸਾਉਣ ਦੀ ਖੌਫਨਾਕ ਸਾਜ਼ਿਸ਼ ਬੇਨਕਾਬ

Saturday, Feb 07, 2026 - 08:10 PM (IST)

ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ੀ ਸੁਪਨੇ ਦਿਖਾ ਕੇ ਆਈਐੱਸਆਈ ਦੇ ਜਾਲ ''ਚ ਫਸਾਉਣ ਦੀ ਖੌਫਨਾਕ ਸਾਜ਼ਿਸ਼ ਬੇਨਕਾਬ

ਹਲਵਾਰਾ, (ਲਾਡੀ ਸਿੱਧੂ) : ਪੰਜਾਬ ਦੇ ਨੌਜਵਾਨਾਂ ਨੂੰ ਕੈਨੇਡਾ ਤੇ ਇੰਗਲੈਂਡ ਭੇਜਣ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਅਤੇ ਉਨ੍ਹਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਲਈ ਵਰਤਣ ਦੀ ਇੱਕ ਸਨਸਨੀਖੇਜ਼ ਅਤੇ ਖੌਫਨਾਕ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਇਸ ਮਾਮਲੇ ਵਿੱਚ ਹਲਵਾਰਾ ਦੀ ਨਵੀਂ ਆਬਾਦੀ ਅਕਾਲਗੜ੍ਹ ਦੀ ਰਹਿਣ ਵਾਲੀ ਮਹਿਲਾ ਰਾਣੀ ਕਾਕੜੇ ਅਤੇ ਰਾਜਸਥਾਨ ਦਾ ਟਰੈਵਲ ਏਜੰਟ ਰਵੀ ਚੌਧਰੀ ਕੇਂਦਰੀ ਖੁਫੀਆ ਏਜੰਸੀਆਂ ਦੇ ਸਿੱਧੇ ਨਿਸ਼ਾਨੇ 'ਤੇ ਆ ਗਏ ਹਨ।

ਕੇਂਦਰੀ ਇੰਟੈਲੀਜੈਂਸ ਏਜੰਸੀਆਂ ਵੱਲੋਂ ਪੰਜਾਬ ਪੁਲਸ ਦੇ ਡੀਜੀਪੀ ਨੂੰ ਭੇਜੀ ਗਈ ਗੁਪਤ ਰਿਪੋਰਟ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ (ਕਾਊਂਟਰ ਇੰਟੈਲੀਜੈਂਸ) ਵੱਲੋਂ ਡੀਆਈਜੀ ਲੁਧਿਆਣਾ ਰੇਂਜ ਸਤਿੰਦਰ ਸਿੰਘ ਅਤੇ ਐੱਸਐੱਸਪੀ ਲੁਧਿਆਣਾ ਗ੍ਰਾਮੀਣ ਡਾ. ਅੰਕੁਰ ਗੁਪਤਾ ਨੂੰ ਤੁਰੰਤ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।

ਅਜ਼ਰਬੈਜਾਨ ਤੋਂ ਚਲ ਰਿਹਾ ਸੀ ਖਤਰਨਾਕ ਨੈੱਟਵਰਕ
ਕਾਊਂਟਰ ਇੰਟੈਲੀਜੈਂਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਣੀ ਕਾਕੜੇ ਇਸ ਸਮੇਂ ਅਜ਼ਰਬੈਜਾਨ ਦੀ ਰਾਜਧਾਨੀ ਬਾਕੂ ਵਿੱਚ ਸਥਿਤ ‘ਸ਼ਾਹ-ਇਨ’ ਨਾਂ ਦੇ ਰੈਸਟੋਰੈਂਟ ਵਿੱਚ ਕੰਮ ਕਰ ਰਹੀ ਹੈ, ਜੋ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਦੇ ਏਜੰਟ ਮਹਮੂਦ ਭੱਟ ਦੀ ਮਲਕੀਅਤ ਦੱਸਿਆ ਜਾ ਰਿਹਾ ਹੈ। ਦੋਸ਼ ਹੈ ਕਿ ਰਾਣੀ ਕਾਕੜੇ ਭਾਰਤ, ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਈ-ਟੂਰਿਸਟ ਵੀਜ਼ੇ ‘ਤੇ ਅਜ਼ਰਬੈਜਾਨ ਲਿਆਉਂਦੀ ਸੀ ਅਤੇ ਉਨ੍ਹਾਂ ਨੂੰ ਸਿੱਧਾ ਆਈਐੱਸਆਈ ਏਜੰਟ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ। ਉੱਥੋਂ ਬਾਅਦ ਮਹਮੂਦ ਭੱਟ ਵੱਲੋਂ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕਿਆਂ ਨਾਲ ਕੈਨੇਡਾ, ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਸੀ ਅਤੇ ਨਾਲ ਹੀ ਉਨ੍ਹਾਂ ‘ਤੇ ਦੇਸ਼ ਵਿਰੋਧੀ ਕੰਮ ਕਰਨ ਦਾ ਦਬਾਅ ਬਣਾਇਆ ਜਾਂਦਾ ਸੀ।

ਰਾਜਸਥਾਨ ਦਾ ਟਰੈਵਲ ਏਜੰਟ ਮੁੱਖ ਕੜੀ
ਇਸ ਗਿਰੋਹ ਦੀ ਦੂਜੀ ਵੱਡੀ ਕੜੀ ਰਵੀ ਚੌਧਰੀ ਦੱਸਿਆ ਜਾ ਰਿਹਾ ਹੈ, ਜੋ ‘ਟ੍ਰੈਵਲ ਹੱਬ ਇਮੀਗ੍ਰੇਸ਼ਨ’ ਨਾਂ ਦੀ ਕੰਪਨੀ ਚਲਾਉਂਦਾ ਹੈ। ਇੰਟੈਲੀਜੈਂਸ ਰਿਪੋਰਟ ਮੁਤਾਬਕ ਰਵੀ ਚੌਧਰੀ ਦੇ ਭਾਰਤ ਵਿੱਚ ਦੋ ਪਤੇ ਦਰਜ ਹਨ ਇੱਕ ਛਤਰਾਲਾ ਸਰਕਲ, ਸੀਤਾਪੁਰ (ਜ਼ਿਲ੍ਹਾ ਜੈਪੁਰ) ਅਤੇ ਦੂਜਾ ਪਿੰਡ ਇਰਨੀਆਂ, ਤਹਿਸੀਲ ਲਕਸ਼ਮਣਗੜ੍ਹ, ਜ਼ਿਲ੍ਹਾ ਅਲਵਰ (ਰਾਜਸਥਾਨ)।

ਪੰਜਾਬੀ ਨੌਜਵਾਨ ਨਾਲ 15.40 ਲੱਖ ਦੀ ਠੱਗੀ
ਗਿਰੋਹ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਂਡਲੂ ਦੇ ਰਹਿਣ ਵਾਲੇ ਹਰਸ਼ਦੀਪ ਸਿੰਘ ਨਾਲ ਅਜ਼ਰਬੈਜਾਨ ਰਾਹੀਂ ਇੰਗਲੈਂਡ ਭੇਜਣ ਦੇ ਨਾਂ ‘ਤੇ 15 ਲੱਖ 40 ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ। ਇਸ ਤੋਂ ਇਲਾਵਾ ਕੇਰਲ ਦੀਆਂ ਤਿੰਨ ਮਹਿਲਾਵਾਂ, ਸ੍ਰੀਲਕਸ਼ਮੀ ਵਿਜਯਨ, ਜਯਾ ਨਾਇਰ ਅਤੇ ਚਿੰਕਲ ਜਯਨ ਨਾਲ ਵੀ ਕੈਨੇਡਾ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਹੜਪੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਦੇਸ਼ ਵਿਰੋਧੀ ਕੰਮ ਤੋਂ ਇਨਕਾਰ ‘ਤੇ ਜ਼ੁਲਮ
ਹਰਸ਼ਦੀਪ ਸਿੰਘ ਦੇ ਪਿਤਾ ਰਛਪਾਲ ਸਿੰਘ ਨੇ ਦੱਸਿਆ ਕਿ ਅਜ਼ਰਬੈਜਾਨ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਦੇ ਪੁੱਤਰ ਨਾਲ ਅਮਾਨਵੀ ਵਰਤਾਰਾ ਕੀਤਾ ਗਿਆ। ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਖਾਣ-ਪੀਣ ਤੋਂ ਵੰਝਾਇਆ ਗਿਆ ਅਤੇ ਬੀਮਾਰ ਹੋਣ ਦੇ ਬਾਵਜੂਦ ਇਲਾਜ ਨਹੀਂ ਕਰਵਾਇਆ ਗਿਆ। ਚਿਕਨਪਾਕਸ ਹੋਣ ਕਾਰਨ ਉਸ ਦੀ ਜਾਨ ਮੁਸ਼ਕਿਲ ਨਾਲ ਬਚੀ।
ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਦੁਬਈ ਵਿੱਚ 10 ਸਾਲ ਮਿਹਨਤ ਕਰਕੇ ਜੋ ਪੂੰਜੀ ਜੋੜੀ ਸੀ, ਉਹ ਸਾਰੀ ਗਿਰੋਹ ਵੱਲੋਂ ਬੈਂਕ ਖਾਤਿਆਂ ਵਿੱਚ ਜ਼ਬਰਦਸਤੀ ਟਰਾਂਸਫਰ ਕਰਵਾ ਲਈ ਗਈ। 29 ਦਿਨ ਤੱਕ ਉਨ੍ਹਾਂ ਦਾ ਪੁੱਤਰ ਜ਼ਿੰਦਗੀ ਤੇ ਮੌਤ ਵਿਚਕਾਰ ਜੂਝਦਾ ਰਿਹਾ। ਆਖ਼ਰਕਾਰ 50 ਹਜ਼ਾਰ ਰੁਪਏ ਵਿਆਜ ‘ਤੇ ਲੈ ਕੇ ਵਾਪਸੀ ਦੀ ਟਿਕਟ ਭੇਜੀ ਗਈ।

ਪੁਲਸ ਨੂੰ ਦੋ ਦਿਨਾਂ ਦਾ ਅਲਟੀਮੇਟਮ
ਏਡੀਜੀਪੀ ਕਾਊਂਟਰ ਇੰਟੈਲੀਜੈਂਸ ਵੱਲੋਂ ਮਾਮਲੇ ਵਿੱਚ ਦੋ ਦਿਨਾਂ ਦੇ ਅੰਦਰ ਕਾਰਵਾਈ ਕਰਕੇ ਰਿਪੋਰਟ ਭੇਜਣ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਐੱਸਐੱਸਪੀ ਡਾ. ਅੰਕੁਰ ਗੁਪਤਾ ਵੱਲੋਂ ਜਾਂਚ ਦੀ ਜ਼ਿੰਮੇਵਾਰੀ ਐੱਸਪੀ (ਡੀ) ਰਾਜਨ ਸ਼ਰਮਾ ਨੂੰ ਸੌਂਪੀ ਗਈ ਹੈ, ਜਿਨ੍ਹਾਂ ਨੇ ਪੀੜਤ ਪਰਿਵਾਰ ਅਤੇ ਦੋਸ਼ੀ ਮਹਿਲਾ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰਨ ਸ਼ੁਰੂ ਕਰ ਦਿੱਤੇ ਹਨ।

ਹੋਰ ਨੌਜਵਾਨਾਂ ਦੀ ਜ਼ਿੰਦਗੀ ਖਤਰੇ ‘ਚ
ਰਛਪਾਲ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਗਿਰੋਹ ਨੂੰ ਜਲਦੀ ਨਹੀਂ ਫੜਿਆ ਗਿਆ ਤਾਂ ਕਈ ਹੋਰ ਪੰਜਾਬੀ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਹੋ ਸਕਦੀ ਹੈ। ਉਨ੍ਹਾਂ ਨੇ ਪੁਲਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News