1975 ਤੋਂ ਧਾਰਮਿਕ ਸਥਾਨ ’ਤੇ ਚੱਲ ਰਿਹੈ ਸ਼ੇਰਪੁਰ ਦਾ ਸਰਕਾਰੀ ਸਕੂਲ, ਫਰਸ਼ ’ਤੇ ਬੈਠ ਬੱਚੇ ਕਰਦੇ ਨੇ ਪੜ੍ਹਾਈ
Friday, May 27, 2022 - 04:54 PM (IST)
ਜਲੰਧਰ— ਇਥੋਂ ਦੇ ਪਿੰਡ ਸ਼ੇਰਪੁਰ ਦਾ ਸਰਕਾਰੀ ਪ੍ਰਾਇਮਰੀ ਸਕੂਲ 1975 ਤੋਂ ਇਕ ਧਾਰਮਿਕ ਸਥਾਨ ਤੋਂ ਚਲਾਇਆ ਜਾ ਰਿਹਾ ਹੈ। ਇਸ ਸਕੂਲ ’ਚ ਕੰਪਿਊਟਰ, ਪ੍ਰੋਜੈਕਟਰ ਅਤੇ ਮਿਡ-ਡੇ-ਮੀਲ ਵਰਗੀਆਂ ਸਹੂਲਤਾਂ ਤਾਂ ਹਨ ਪਰ ਇਥੇ ਇਮਾਰਤ ਨਹੀਂ ਹੈ। ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਕਰੀਬ 90 ਵਿਦਿਆਰਥੀ ਵਰਾਂਡੇ ਅਤੇ ਇਕ ਛੋਟੇ ਜਿਹੇ ਕਮਰੇ ’ਚ ਪੜ੍ਹਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸਕੂਲ ’ਚ ਇਕ ਪੱਕਾ ਅਧਿਆਪਕ ਅਤੇ ਇਕ ਹੀ ਠੇਕੇ ’ਤੇ ਅਧਿਆਪਕ ਹੈ। ਜਗ੍ਹਾ ਦੀ ਕਮੀ ਇੰਨੀ ਹੈ ਕਿ ਕਈ ਵਾਰ ਵਿਦਿਆਰਥੀਆਂ ਨੂੰ ਫਰਸ਼ ’ਤੇ ਬੈਠਣਾ ਪੈਂਦਾ ਹੈ। ਗਰਮੀਆਂ, ਸਰਦੀਆਂ ਦੇ ਸਿਖ਼ਰ ’ਤੇ ਹੋਣ ਸਮੇਤ ਜਦੋਂ ਬਾਰਿਸ਼ ਦੇ ਦਿਨ ਆਉਂਦੇ ਹਨ ਤਾਂ ਇਥੇ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਪੰਜਾਬ ਵਿਚ ਹੁਣ ਹੋਵੇਗੀ ਫਰਦਾਂ ਦੀ ਹੋਮ ਡਿਲਿਵਰੀ
ਸਿੱਖਿਆ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਕੂਲ ਨੂੰ ਇਕ ਕਮਰਾ ਬਣਾਉਣ ਵਈ ਸਰਵ ਸਿੱਖਿਆ ਮੁਹਿੰਮ ਤਹਿਤ ਗਰਾਂਟ ਮਿਲੀ ਸੀ ਪਰ ਕਿਸੇ ਕਾਰਨ ਕਰਕੇ ਇਹ ਨਹੀਂ ਬਣ ਸਕਿਆ। ਇਸ ਸਬੰਧੀ ਸੂਚਨਾ ਮਹਿਕਮੇ ਦੇ ਮੁੱਖ ਦਫ਼ਤਰ ਨੂੰ ਇਸ ਸਾਲ ਅਪ੍ਰੈਲ ’ਚ ਭੇਜੀ ਗਈ ਸੀ, ਜਿੱਥੇ ਸਕੂਲ ਸਬੰਧੀ ਹਰ ਵੇਰਵੇ ਦਾ ਜ਼ਿਕਰ ਕੀਤਾ ਗਿਆ ਸੀ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਪਰੇਸ਼ਾਨੀ ਦੇ ਪੜ੍ਹਾਈ ਕਰ ਸਕਣ।
ਇਹ ਵੀ ਪੜ੍ਹੋ: ਪੰਜਾਬ-ਦਿੱਲੀ 'ਚ ਬਣੀ ਸਹਿਮਤੀ, ਹਵਾਈ ਅੱਡੇ ਤੋਂ 3 ਕਿਮੀ. ਦੂਰ ਉਤਾਰਨਗੀਆਂ ਪੰਜਾਬ ਰੋਡਵੇਜ਼ ਦੀਆਂ ਲਗਜ਼ਰੀ ਬੱਸਾਂ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਚਰਨ ਸਿੰਘ ਮੁਲਤਾਨੀ ਨੇ ਕਿਹਾ ਕਿ ਉਹ ਇਸ ਮੁੱਦੇ ਤੋਂ ਜਾਣੂੰ ਹਨ। ਮਹਿਕਮੇ ਨੂੰ ਜ਼ਮੀਨ ਮਿਲਣ ਤੋਂ ਬਾਅਦ ਸਥਿਤੀ ਸੁਧਰ ਜਾਵੇਗੀ। ਇਲਾਕਾ ਕੌਂਸਲਰ ਨੇ ਭਰੋਸਾ ਦਿੱਤਾ ਹੈ ਕਿ ਜ਼ਮੀਨ ਮਹਿਕਮੇ ਨੂੰ ਤਬਦੀਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਵੀ ਇਥੇ ਧਾਰਮਿਕ ਸਥਾਨ ’ਤੇ ਕੋਈ ਸਮਾਗਮ ਆਯੋਜਿਤ ਕੀਤਾ ਜਾਂਦਾ ਸੀ ਤਾਂ ਬੱਚਿਆਂ ਨੂੰ ਪੜ੍ਹਾਈ ’ਚ ਮੁਸ਼ਕਿਲ ਆਉਂਦੀ ਸੀ। ਉਥੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਗੁਰਭਜਨ ਸਿੰਘ ਲਾਸਾਨੀ ਨੇ ਵੀ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਸੀ ਅਤੇ ਮਹਿਕਮੇ ਨੂੰ ਵੀ ਇਸ ਮਸਲੇ ਬਾਰੇ ਪਤਾ ਹੈ। ਇਸ ਸਮੱਸਿਆ ਦਾ ਹੱਲ ਕੱਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵਧ ਸਕਦੀਆਂ ਨੇ ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀਆਂ ਮੁਸ਼ਕਿਲਾਂ, ਮਾਮਲੇ ਦੀ ਕਰ ਸਕਦੀ ਹੈ ED ਜਾਂਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ