ਬਟਾਲਾ ਦੇ ਸਰਕਾਰੀ ਹਸਪਤਾਲ ’ਚ ਹੈਰਾਨ ਕਰਦੀ ਘਟਨਾ, ਹਾਦਸੇ ’ਚ ਜਾਨ ਗੁਆਉਣ ਵਾਲੇ ਦੇ ਪਰਿਵਾਰ ਦੇ ਉੱਡੇ ਹੋਸ਼

Sunday, Dec 25, 2022 - 06:32 PM (IST)

ਬਟਾਲਾ (ਗੁਰਪ੍ਰੀਤ) : ਸਿਵਲ ਹਸਪਤਾਲ ਬਟਾਲਾ ਵਿਚ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਲਾਸ਼ ਬਦਲ ਜਾਣ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਦਰਅਸਲ ਕੁਝ ਦਿਨ ਪਹਿਲਾਂ ‌ਰੇਲ ਹਾਦਸੇ ਦੌਰਾਨ ਮਾਰੇ ਗਏ ਇਕ ਲਵਾਰਸ ਵਿਅਕਤੀ ਦੀ ਲਾਸ਼ ਦੀ ਬਜਾਏ ਨਗਰ ਪਾਲਕਾ ਵਾਲਿਆਂ ਨੂੰ ਬੀਤੇ ਦਿਨੀਂ ਹਾਦਸੇ ਦੌਰਾਨ ਮਾਰੇ ਗਏ ਸੁਰਿੰਦਰ ਸਿੰਘ ਵਾਸੀ ਘਸੀਟਪੁਰ ਦੀ ਲਾਸ਼ ਹਸਪਤਾਲ ਵਿਚ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਵੱਲੋਂ ਚੁਕਵਾ ਦਿੱਤੀ ਗਈ। ਨਗਰ ਪਾਲਕਾ ਵੱਲੋਂ ਸੁਰਿੰਦਰ ਸਿੰਘ ਦੀ ਲਾਸ਼ ਦਾ ਲਾਵਾਰਿਸ ਲਾਸ਼ ਵਾਂਗ ਸਸਕਾਰ ਵੀ ਕਰ ਦਿੱਤਾ ਗਿਆ। ਸਵੇਰੇ ਜਦੋਂ ਹਾਦਸੇ ਵਿਚ ਦੌਰਾਨ ਮਾਰੇ ਗਏ ਸੁਰਿੰਦਰ ਸਿੰਘ ਦੇ ਰਿਸ਼ਤੇਦਾਰ ਉਸ ਦੀ ਲਾਸ਼ ਲੈਣ ਲਈ ਆਏ ਤਾਂ ਉਥੇ ਕੋਈ ਹੋਰ ਲਾਸ਼ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਜਦੋਂ ਉਨ੍ਹਾਂ ਨੂੰ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਨੇ ਕੰਬਣ ਲਾਏ ਪੰਜਾਬ ਦੇ ਲੋਕ, ਮੌਸਮ ਵਿਭਾਗ ਨੇ ਇਸ ਦਿਨ ਕੀਤੀ ਮੀਂਹ ਦੀ ਭਵਿੱਖਬਾਣੀ

ਉਧਰ ਜਾਣਕਾਰੀ ਦਿੰਦਿਆਂ ਮ੍ਰਿਤਕ ਸੁਰਿੰਦਰ ਸਿੰਘ ਵਾਸੀ ਘਸੀਟਪੁਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੀ ਕੱਲ੍ਹ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਸ਼ਾਮ ਨੂੰ ਉਹ ਪੋਸਟਮਾਰਟਮ ਲਈ ਲਾਸ਼ ਰੱਖ ਕੇ ਗਏ ਸਨ ਅਤੇ ਅਗਲੇ ਦਿਨ ਉਨ੍ਹਾਂ ਨੂੰ ਆ ਕੇ ਲਾਸ਼ ਲੈਣ ਲਈ ਕਿਹਾ ਗਿਆ ਸੀ। ਇਸ ਦੌਰਾਨ ਦਿੱਤੇ ਸਮੇਂ ’ਤੇ ਜਦੋਂ ਅੱਜ ਉਹ ਲਾਸ਼ ਲੈਣ ਆਏ ਤਾਂ ਉਨ੍ਹਾਂ ਨੂੰ ਕਿਸੇ ਲਾਵਾਰਸ ਵਿਅਕਤੀ ਦੀ ਲਾਸ਼ ਸੌਂਪ ਦਿੱਤੀ ਗਈ। ਬਾਅਦ ਵਿਚ ਪਤਾ ਲੱਗਿਆ ਕਿ ਸੁਰਿੰਦਰ ਸਿੰਘ ਦੀ ਲਾਸ਼ ਰੇਲ ਦੁਰਘਟਨਾ ਵਿਚ ਮਾਰੇ ਗਏ ਲਾਵਾਰਸ ਵਿਅਕਤੀ ਦੀ ਲਾਸ਼ ਦੀ ਜਗ੍ਹਾ ’ਤੇ ਨਗਰਪਾਲਕਾ ਵਾਲਿਆਂ ਨੇ ਸਾੜ ਦਿੱਤੀ ਹੈ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। 

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕੰਬਾਊ ਮੌਤ

ਉਥੇ ਹੀ ਮੌਕੇ ’ਤੇ ਪਹੁੰਚੇ ਜੀ. ਆਰ. ਪੀ. ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਰੇਲ ਹਾਦਸੇ ਦੌਰਾਨ ਮਾਰੇ ਗਏ ਲਾਵਾਰਸ ਵਿਅਕਤੀ ਦੀ ਲਾਸ਼ ਉਹ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਲਈ ਜਾਂਚ ਅਫਸਰ ਨਾਲ ਲੈ ਕੇ ਆਏ ਜ਼ਰੂਰ ਸੀ ਪਰ ਜਦੋਂ ਸੁਰਿੰਦਰ ਸਿੰਘ ਦੀ ਲਾਸ਼ ਨਗਰ ਕੌਂਸਲ ਨੂੰ ਸੌਂਪੀ ਗਈ ਤਾਂ ਉਸ ਵੇਲੇ ਉਹ ਮੌਕੇ ’ਤੇ ਮੌਜੂਦ ਨਹੀਂ ਸੀ। ਜਾਂਚ ਅਫ਼ਸਰ ਦੀ ਮੌਜੂਦਗੀ ਵਿਚ ਲਾਸ਼ ਨਗਰ ਕੌਂਸਲ ਕਰਮਚਾਰੀਆਂ ਨੂੰ ਸੌਂਪੀ ਗਈ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਹੋਟਲ ’ਚ ਮ੍ਰਿਤਕ ਮਿਲੇ ਕੁੜੀ-ਮੁੰਡਾ, ਸੀ. ਸੀ. ਟੀ. ਵੀ. ਵੀਡੀਓ ਵੀ ਆਈ ਸਾਹਮਣੇ

ਕੀ ਕਹਿਣਾ ਹੈ ਐੱਸ. ਐੱਮ. ਓ. ਦਾ

ਉੱਥੇ ਹੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਰਵਿੰਦਰ ਪਾਲ ਨੇ ਕਿਹਾ ਕਿ ਦੋਵੇਂ ਲਾਸ਼ਾਂ ਪੁਲਸ ਕਰਮਚਾਰੀਆਂ ਦੇ ਹਸਤਾਖਰ ਲੈ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤੀਆਂ ਗਈਆਂ ਸਨ। ਅਣਗਹਿਲੀ ਕਿੱਥੇ ਹੋਈ ਹੈ ਇਸ ਦੀ ਜਾਂਚ ਲਈ ਇਕ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ। ਅਣਗਹਿਲੀ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : 11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News