ਕਣਕ ਸਟੋਰ ਕਰਨ ਲਈ ਖਰੀਦ ਏਜੰਸੀਆਂ ਨੂੰ ਕਰਨਾ ਪੈ ਸਕਦੈ ਦਿੱਕਤਾਂ ਦਾ ਸਾਹਮਣਾ
Wednesday, Mar 14, 2018 - 07:03 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਤੋਂ ਪਹਿਲਾਂ ਗੋਦਾਮ ਮਾਲਕਾਂ ਅਤੇ ਖਰੀਦ ਏਜੰਸੀਆਂ 'ਚ ਮਤਭੇਦ ਪੈਦਾ ਹੋ ਗਏ ਹਨ, ਜਿਸ ਕਾਰਨ ਆਉਣ ਵਾਲੇ ਸੀਜ਼ਨ 'ਚ ਕਣਕ ਸਟੋਰ ਕਰਨ ਲਈ ਸਰਕਾਰ ਨੂੰ ਭਾਰੀ ਦਿੱਕਤਾਂ ਆ ਸਕਦੀਆਂ ਹਨ। ਜੇਕਰ ਅਨਾਜ ਭੰਡਾਰ ਨਾ ਹੋਇਆ ਤਾਂ ਖੁੱਲ੍ਹੇ ਆਸਮਾਨ ਹੇਠ ਅਰਬਾਂ ਰੁਪਏ 'ਤੇ ਪਾਣੀ ਫਿਰ ਜਾਵੇਗਾ। ਇਸ ਮਾਮਲੇ 'ਚ ਜ਼ਿਲਾ ਬਰਨਾਲਾ ਓਪਨ ਪਲੰਥ ਐਸੋਸੀਏਸ਼ਨ ਨੇ ਇਕ ਮੰਗ ਪੱਤਰ ਡਾਇਰੈਕਟਰ ਖੁਰਾਕ ਸਿਵਲ ਸਪਲਾਈ ਨੂੰ ਭੇਜਿਆ ਹੈ ਅਤੇ ਪਲੰਥਾਂ ਦਾ ਕਬਜ਼ਾ ਦੇਣ ਦੀ ਮੰਗ ਕੀਤੀ ਹੈ।
ਜ਼ਿਲਾ ਪਲੰਥ ਐਸੋਸੀਏਸ਼ਨ ਦੇ ਆਗੂ ਸੋਮਨਾਥ ਗਰਗ ਨੇ ਕਿਹਾ ਕਿ ਪਹਿਲਾਂ ਫੂਡ ਏਜੰਸੀਆਂ ਨੇ ਉਨ੍ਹਾਂ ਨਾਲ 5 ਸਾਲ ਦਾ ਕਰਾਰ ਕੀਤਾ ਹੋਇਆ ਸੀ। ਫਿਰ ਸਾਲ ਦਰ ਸਾਲ ਕਰਾਰ ਹੋਇਆ। ਪਹਿਲਾਂ ਉਨ੍ਹਾਂ ਨੂੰ ਪ੍ਰਤੀ ਕੁਇੰਟਲ 72 ਪੈਸੇ ਕਿਰਾਇਆ ਦਿੱਤਾ ਜਾਂਦਾ ਸੀ, ਜੋ ਕਿ ਘਟਾ ਕੇ 45 ਪੈਸੇ ਕਰ ਦਿੱਤਾ ਗਿਆ। ਹੁਣ ਖਰੀਦ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਿੰਨਾ ਮਾਲ ਪਲੰਥਾਂ 'ਚ ਲਾਇਆ ਜਾਵੇਗਾ, ਓਨਾ ਹੀ ਕਿਰਾਇਆ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਇਸ ਨੀਤੀ ਨਾਲ ਸਹਿਮਤ ਨਹੀਂ ਹਨ, ਇਸ ਲਈ ਉਨ੍ਹਾਂ ਗੋਦਾਮ ਖਾਲੀ ਕਰਨ ਲਈ ਖਰੀਦ ਏਜੰਸੀਆਂ ਨੂੰ ਕਹਿ ਦਿੱਤਾ ਹੈ। ਖਰੀਦ ਏਜੰਸੀ ਪਨਗਰੇਨ ਨੇ ਕੁਝ ਗੋਦਾਮ ਮਾਲਕਾਂ ਨੂੰ ਕਿਹਾ ਕਿ ਗੋਦਾਮ ਖਾਲੀ ਹਨ, ਉਹ ਆਪਣਾ ਕਬਜ਼ਾ ਲੈ ਸਕਦੇ ਹਨ ਪਰ ਜਦੋਂ ਉਹ ਗੋਦਾਮਾਂ 'ਚ ਗਏ ਤਾਂ ਮੌਕੇ 'ਤੇ ਕਵਰ, ਕਰੇਟ ਅਤੇ ਹੋਰ ਸਾਮਾਨ ਪਿਆ ਸੀ। ਚਾਬੀ ਵੀ ਖਰੀਦ ਏਜੰਸੀਆਂ ਕੋਲ ਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਖਰੀਦ ਏਜੰਸੀਆਂ ਨੇ ਉਨ੍ਹਾਂ ਨੂੰ ਕਬਜ਼ਾ ਹੀ ਦੇਣਾ ਤਾਂ ਸਾਰੇ ਬਿਜਲੀ ਦੇ ਬਿੱਲ ਵੀ ਦਿੱਤੇ ਜਾਣ, ਫਿਰ ਕਬਜ਼ਾ ਦਿੱਤਾ ਜਾਵੇ। ਜੇਕਰ ਖਰੀਦ ਏਜੰਸੀਆਂ ਨੇ ਉਨ੍ਹਾਂ ਤੋਂ ਗੋਦਾਮ ਕਿਰਾਏ 'ਤੇ ਲੈਣੇ ਹਨ ਤਾਂ ਪੁਰਾਣੇ ਕਰਾਰ ਦੇ ਹਿਸਾਬ ਨਾਲ ਹੀ ਗੋਦਾਮ ਕਿਰਾਏ 'ਤੇ ਦਿੱਤੇ ਜਾਣਗੇ ਨਹੀਂ ਤਾਂ ਉਨ੍ਹਾਂ ਵੱਲੋਂ ਗੋਦਾਮ ਕਿਰਾਏ 'ਤੇ ਨਹੀਂ ਦਿੱਤੇ ਜਾਣਗੇ।
ਸਰਕਾਰ ਨੂੰ ਆਉਣ ਵਾਲੀ ਮੁਸ਼ਕਲ ਸਬੰਧੀ ਲਿਖ ਕੇ ਭੇਜ ਦਿੱਤੈ : ਜ਼ਿਲਾ ਖੁਰਾਕ ਤੇ ਸਪਲਾਈ ਅਫਸਰ
ਜਦੋਂ ਇਸ ਸਬੰਧੀ ਡੀ. ਐੱਫ. ਐੱਸ. ਸੀ. ਮੈਡਮ ਸਵੀਟੀ ਦੇਵਗਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਣਕ ਦੇ ਸੀਜ਼ਨ 'ਚ ਸਾਨੂੰ ਗੋਦਾਮ ਕਿਰਾਏ 'ਤੇ ਨਹੀਂ ਮਿਲਦੇ ਤਾਂ ਕਣਕ ਨੂੰ ਸਟੋਰ ਕਰਨ 'ਚ ਭਾਰੀ ਦਿੱਕਤ ਆਵੇਗੀ। ਇਸ ਸਬੰਧੀ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਨਵੀਂ ਪਾਲਿਸੀ ਕੀ ਆਉਂਦੀ ਹੈ? ਸਾਡੇ ਵੱਲੋਂ ਸਰਕਾਰ ਦੀ ਨੀਤੀ ਮੁਤਾਬਕ ਹੀ ਕਿਰਾਇਆ ਦਿੱਤਾ ਜਾਂਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਸਰਕਾਰ ਦੀ ਨੀਤੀ ਨਾ ਬਦਲਣ ਕਾਰਨ ਗੋਦਾਮ ਮਾਲਕਾਂ ਨੇ ਗੋਦਾਮ ਕਿਰਾਏ 'ਤੇ ਨਾ ਦਿੱਤੇ ਤਾਂ ਉਨ੍ਹਾਂ ਵੱਲੋਂ ਕੀ ਪ੍ਰਬੰਧ ਕੀਤੇ ਜਾਣਗੇ? ਤਾਂ ਉਨ੍ਹਾਂ ਕਿਹਾ ਕਿ ਕਣਕ ਸਟੋਰ ਕਰਨ ਲਈ ਕੋਈ ਬਦਲਵੇਂ ਪ੍ਰਬੰਧ ਲੱਭਣਗੇ।