2 ਦਿਨਾਂ ਤੋਂ ਪੈ ਰਹੀ ਭਾਰੀ ਹੁੰਮਸ ਦੀ ਹੋਈ ਛੁੱਟੀ, ਪਾਰੇ ’ਚ 3.9 ਡਿਗਰੀ ਦੀ ਗਿਰਾਵਟ
Monday, Jul 28, 2025 - 11:51 AM (IST)

ਚੰਡੀਗੜ੍ਹ (ਰੋਹਾਲ/ਮਨਪ੍ਰੀਤ) : ਪਿਛਲੇ 2 ਦਿਨਾਂ ਤੋਂ ਟ੍ਰਾਈਸਿਟੀ ’ਚ ਪੈ ਰਹੀ ਭਾਰੀ ਹੁੰਮਸ ਦੀ ਐਤਵਾਰ ਨੂੰ ਛੁੱਟੀ ਹੋ ਗਈ। ਪਿਛਲੇ 2 ਦਿਨਾਂ ਤੋਂ ਲੋਕ ਪਸੀਨੇ ਨਾਲ ਬੇਹਾਲ ਹੋ ਚੁੱਕੇ ਸਨ ਪਰ ਐਤਵਾਰ ਦੁਪਹਿਰ ਕਰੀਬ 12 ਵਜੇ ਮੌਸਮ ’ਚ ਬਦਲਾਅ ਆਇਆ। ਬੱਦਲ ਆਉਣ ਤੋਂ ਬਾਅਦ ਅਚਾਨਕ ਹੀ ਤੇਜ਼ ਬਾਰਸ਼ ਸ਼ੁਰੂ ਹੋ ਗਈ। ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ। ਬਾਰਸ਼ ਕਾਰਨ ਟ੍ਰਾਈਸਿਟੀ ਦੀਆਂ ਸੜਕਾਂ ਜਲਥੱਲ ਹੋ ਗਈਆਂ। ਨਾਲੇ ਬਲਾਕ ਹੋਣ ਕਾਰਨ ਸੜਕਾਂ ਤੇ ਗਲੀਆਂ ’ਚ ਪਾਣੀ ਭਰ ਗਿਆ।
ਮੌਸਮ ਵਿਗਿਆਨ ਕੇਂਦਰ ਸੈਕਟਰ-39 ’ਚ 32.8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਸ਼ਹਿਰ ਦੀਆਂ ਕਈ ਸੜਕਾਂ ਸੈਕਟਰ 36/37 ਵਾਲੀਆਂ ਲਾਇਟਾਂ, ਬੂੜੈਲ ਪਿੰਡ ਦੀਆਂ ਸੜਕਾਂ ਸਮੇਤ ਹੋਰ ਵੱਖ-ਵੱਖ ਖੇਤਰਾਂ ਤੇ ਸੜਕਾਂ ’ਤੇ ਪਾਣੀ ਭਰ ਗਿਆ। ਇਸ ਕਾਰਨ ਰਾਹਗੀਰਾਂ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਤਾਪਮਾਨ ’ਚ ਬੀਤੇ 24 ਘੰਟਿਆਂ ਨਾਲੋਂ 3.9 ਡਿਗਰੀ ਸੈਲਸੀਅਸ ਦੀ ਕਮੀ ਵੇਖਣ ਨੂੰ ਮਿਲੀ ਜਦਕਿ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 0.8 ਡਿਗਰੀ ਸੈਲਸੀਅਸ ਘੱਟ ਸੀ।
ਫਿਰ ਬਾਰਸ਼ ਦੀ ਸੰਭਾਵਨਾ, 2 ਅਗਸਤ ਤੱਕ ਮਿਲੇਗੀ ਰਾਹਤ
ਮੌਸਮ ਵਿਭਾਗ ਨੇ ਸੋਮਵਾਰ ਤੋਂ ਫਿਰ ਬਾਰਸ਼ ਪੈਣ ਦੀ ਸੰਭਾਵਨਾ ਜਤਾਈ ਹੈ। ਕੁੱਝ ਦਿਨਾਂ ਬਾਅਦ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। 2 ਅਗਸਤ ਦੇ ਆਸ-ਪਾਸ ਵੀ ਬਾਰਸ਼ ਦੇ ਕੁੱਝ ਸਪੈੱਲ ਆਉਣਗੇ। ਇਸ ਦੌਰਾਨ ਪਾਰਾ 35 ਡਿਗਰੀ ਦੇ ਆਸ-ਪਾਸ ਰਹੇਗਾ। 29 ਤੇ 30 ਜੁਲਾਈ ਨੂੰ ਜ਼ਿਆਦਾਤਰ ਬੱਦਲਵਾਈ ਤੇ ਗਰਜ-ਚਮਕ ਨਾਲ ਬਾਰਸ਼ ਦੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਦੌਰਾਨ ਸ਼ਹਿਰ ਦਾ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜਦਕਿ ਰਾਤ ਦਾ ਘੱਟ ਤੋਂ ਘੱਟ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ।