ਸੁਨਿਆਰੇ ''ਤੇ ਗੋਲੀਆਂ ਚਲਾ ਕੇ 33 ਲੱਖ ਦਾ ਸੋਨਾ ਲੁੱਟਿਆ

05/11/2018 3:01:47 AM

ਅੰਮ੍ਰਿਤਸਰ, (ਸੰਜੀਵ)- ਗੁਰੂ ਬਾਜ਼ਾਰ ਸਥਿਤ ਗਲੀ ਖੜਕ ਵਾਲੀ 'ਚ ਨਕਾਬਪੋਸ਼ ਲੁਟੇਰੇ ਸੁਨਿਆਰੇ 'ਤੇ ਗੋਲੀਆਂ ਚਲਾ ਕੇ 33 ਲੱਖ ਦੇ ਸੋਨੇ ਤੋਂ ਇਲਾਵਾ 2 ਲੱਖ ਦੀ ਨਕਦੀ ਤੇ 1 ਕਿਲੋ ਚਾਂਦੀ ਲੁੱਟ ਕੇ ਲੈ ਗਏ। ਵਾਰਦਾਤ ਦੌਰਾਨ ਦੁਕਾਨ 'ਤੇ ਬੈਠੇ ਕਰਿੰਦੇ ਰਮੇਸ਼ ਕੁਮਾਰ ਦੀ ਲੱਤ 'ਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ, ਜਦੋਂ ਕਿ ਦੁਕਾਨ ਮਾਲਕ ਪ੍ਰਤਾਪ ਮਰਾਠਾ 'ਤੇ ਲੁਟੇਰਿਆਂ ਵੱਲੋਂ ਚਲਾਈ ਗਈ ਗੋਲੀ ਕੰਧ 'ਚ ਜਾ ਲੱਗੀ। ਰਮੇਸ਼ ਨੂੰ ਜ਼ਖਮੀ ਹਾਲਤ ਵਿਚ ਸਥਾਨਕ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।  ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਥਾਣਾ ਮੁਖੀ ਭਾਰੀ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਗਲੀ ਖੜਕ ਵਾਲੀ 'ਚ ਸਥਿਤ ਬਜਰੰਗੀ ਇੰਟਰਪ੍ਰਾਈਜ਼ਜ਼ 'ਤੇ 7:45 ਦੇ ਕਰੀਬ 3 ਨਕਾਬਪੋਸ਼ ਲੁਟੇਰੇ ਆਏ ਅਤੇ ਦੁਕਾਨ ਮਾਲਕ ਪ੍ਰਤਾਪ ਮਰਾਠਾ ਤੇ ਉਸ ਦੇ ਕਰਿੰਦੇ ਰਮੇਸ਼ ਕੁਮਾਰ 'ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਇਕ ਗੋਲੀ ਤਾਂ ਕੰਧ 'ਤੇ ਲੱਗੀ ਅਤੇ ਦੂਜੀ ਰਮੇਸ਼ ਦੀ ਲੱਤ ਨੂੰ ਚੀਰਦੀ ਹੋਈ ਨਿਕਲ ਗਈ। ਇੰਨੇ 'ਚ ਪ੍ਰਤਾਪ ਮਰਾਠਾ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਅਤੇ ਸਭ ਕੁਝ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ। ਉਸੇ ਵੇਲੇ ਲੁਟੇਰੇ ਉਸ ਦੇ ਗੱਲੇ ਵਿਚ ਪਿਆ ਕਰੀਬ 1.25 ਕਿਲੋ ਸੋਨਾ ਅਤੇ ਕੈਸ਼ ਕਾਊਂਟਰ 'ਚੋਂ ਨਕਦੀ ਕੱਢ ਕੇ ਫਰਾਰ ਹੋ ਗਏ, ਜਿਸ ਉਪਰੰਤ ਜ਼ਖਮੀ ਰਮੇਸ਼ ਕੁਮਾਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।PunjabKesari
ਪ੍ਰਤਾਪ ਮਰਾਠਾ ਦੀ ਜ਼ੁਬਾਨੀ
ਜਿਵੇਂ ਹੀ ਲੁਟੇਰੇ ਦੁਕਾਨ ਮਾਲਕ ਪ੍ਰਤਾਪ ਮਰਾਠਾ ਦੇ ਸਿਰ 'ਤੇ ਆ ਖੜ੍ਹੇ ਹੋਏ ਤਾਂ ਉਸ ਨੇ ਬੋਲਿਆ, ''ਗੋਲੀ ਨਹੀਂ ਮਾਰਨੀ, ਜੋ ਲਿਜਾਣਾ ਹੈ ਲੈ ਜਾਓ।'' ਇੰਨੇ 'ਚ ਇਕ ਲੁਟੇਰੇ ਨੇ ਉਸ 'ਤੇ ਗੋਲੀ ਚਲਾ ਦਿੱਤੀ। ਉਸ ਦੇ ਕੋਲ 2-3 ਕਾਰੀਗਰ ਹੋਰ ਖੜ੍ਹੇ ਸਨ, ਜੋ ਲੁਟੇਰਿਆਂ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ ਅਤੇ ਲੁਟੇਰੇ ਆਪਣੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ, ਜਿਸ ਉਪਰੰਤ ਉਨ੍ਹਾਂ ਨੇ ਉਸ ਦੇ ਕਰਿੰਦੇ 'ਤੇ ਵੀ ਗੋਲੀ ਚਲਾਈ ਤੇ ਉਸ ਦੇ ਕੈਸ਼ ਕਾਊਂਟਰ 'ਚੋਂ ਨਕਦੀ ਤੇ ਸੋਨਾ ਲੈ ਕੇ ਫਰਾਰ ਹੋ ਗਏ।
ਪੈਦਲ ਹੀ ਆਏ ਸਨ ਲੁਟੇਰੇ
ਸੁਨਿਆਰੇ ਦੀ ਦੁਕਾਨ ਤੋਂ ਲੱਖਾਂ ਰੁਪਏ ਦਾ ਸੋਨਾ ਲੁੱਟ ਕੇ ਲਿਜਾਣ ਵਾਲੇ ਨਕਾਬਪੋਸ਼ ਲੁਟੇਰੇ ਪੈਦਲ ਹੀ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਪੈਦਲ ਹੀ ਗਲਿਆਰੇ ਵੱਲ ਭੱਜ ਗਏ। ਪੁਲਸ ਹੁਣ ਗਲਿਆਰੇ ਨੂੰ ਜਾਣ ਵਾਲੇ ਰਸਤੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਕਢਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਲੁਟੇਰਿਆਂ ਦੀ ਪਛਾਣ ਹੋ ਸਕੇ।  PunjabKesari
ਪੁਲਸ ਤੇ ਸਰਕਾਰ ਵਿਰੁੱਧ ਜਤਾਇਆ ਰੋਸ
ਗੋਲੀਆਂ ਚਲਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੁਰੂ ਬਾਜ਼ਾਰ 'ਚ ਕੰਮ ਕਰਨ ਵਾਲੇ ਸੁਨਿਆਰਿਆਂ ਵਿਚ ਜ਼ਿਲਾ ਪੁਲਸ ਅਤੇ ਸਰਕਾਰ ਵਿਰੁੱਧ ਭਾਰੀ ਰੋਸ ਪੈਦਾ ਹੋ ਗਿਆ ਤੇ ਉਹ ਸੁਰੱਖਿਆ ਨੂੰ ਲੈ ਕੇ ਪੁਲਸ ਵਿਰੁੱਧ ਇਕੱਠੇ ਹੋ ਗਏ। ਇਕ ਸੁਰ ਵਿਚ ਸੁਨਿਆਰਿਆਂ ਦਾ ਕਹਿਣਾ ਸੀ ਕਿ 7:30 ਤੇ 8 ਵਜੇ ਵਿਚ ਹੋਈ ਵਾਰਦਾਤ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਲੁਟੇਰੇ ਭੀੜ ਵਾਲੇ ਖੇਤਰਾਂ ਵਿਚ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਵਪਾਰੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਵਾਰਦਾਤ ਉਪਰੰਤ ਇਕੱਠੇ ਹੋਏ ਸੁਨਿਆਰਿਆਂ ਨੇ ਦੇਰ ਰਾਤ ਤੱਕ ਪੁਲਸ ਵਿਰੁੱਧ ਪ੍ਰਦਰਸ਼ਨ ਕੀਤਾ।
ਕੀ ਕਹਿਣਾ ਹੈ ਏ. ਡੀ. ਸੀ. ਪੀ. ਦਾ?
ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਕਢਵਾਇਆ ਜਾ ਰਿਹਾ ਹੈ, ਜਿਸ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਪਛਾਣ ਹੋ ਸਕੇਗੀ। ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News