ਲਾਲੂ ਦੇ ਰਾਹੇ ਚੱਲੀ ਗੋਇਲ ਦੀ ਰੇਲ, 25 ਰੇਲਵੇ ਸਟੇਸ਼ਨਾਂ ''ਤੇ ਕੁੱਲੜਾਂ ਦੀ ਵਰਤੋਂ ਦੇ ਹੁਕਮ

09/30/2019 11:32:54 PM

ਫਿਰੋਜ਼ਪੁਰ, (ਆਨੰਦ)— ਸਾਂਝੀ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਦੀ ਕੇਂਦਰ ਵਿਚ ਹਕੂਮਤ ਦੌਰਾਨ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰੇਲਵੇ ਸਟੇਸ਼ਨਾਂ 'ਤੇ ਕੁੱਲੜਾਂ ਦੀ ਵਰਤੋਂ 'ਤੇ ਆਪਣਾ ਪੂਰਾ ਜ਼ੋਰ ਲਾਇਆ, ਇਸ ਲਈ ਰੇਲ ਨੇ ਬਕਾਇਦਾ ਆਪਣੀਆਂ ਜੀਅ-ਤੋੜ ਕੋਸ਼ਿਸ਼ਾਂ ਵੀ ਕੀਤੀਆਂ ਪਰ ਸਰਕਾਰ ਦੇ ਜਾਂਦਿਆਂ ਹੀ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਕੁੱਲੜਾਂ ਨੇ ਛੇਤੀ ਹੀ ਦਮ ਤੋੜ ਦਿੱਤਾ। ਇਸ ਦੀ ਥਾਂ ਪਲਾਸਟਿਕ ਨੇ ਲੈ ਲਈ ਪਰ ਮੌਜੂਦਾ ਰੇਲ ਮੰਤਰੀ ਪਿਊਸ਼ ਗੋਇਲ ਦੀ ਰੇਲ ਵੀ ਹੁਣ ਲਾਲੂ ਦੇ ਨਕਸ਼ੇ-ਕਦਮਾਂ 'ਤੇ ਚੱਲਦੀ ਹੋਈ ਨਜ਼ਰ ਆਉਣ ਲੱਗੀ ਕਿਉਂਕਿ ਪਲਾਸਟਿਕ ਨੂੰ ਹਟਾਉਣ ਲਈ ਰੇਲਵੇ ਸਟੇਸ਼ਨਾਂ 'ਤੇ ਕੁੱਲੜਾਂ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਜਾਣ ਲੱਗਾ ਹੈ।

ਜਾਣਕਾਰੀ ਮੁਤਾਬਕ ਰੇਲ ਮੰਤਰਾਲਾ ਵਲੋਂ ਪਹਿਲੇ ਪੜਾਅ 'ਤੇ ਉੱਤਰ ਭਾਰਤ ਦੇ ਕਰੀਬ 25 ਰੇਲਵੇ ਸਟੇਸ਼ਨਾਂ ਦੀ ਚੋਣ ਕੀਤੀ ਗਈ ਹੈ। ਉਸ ਦੀ ਸ਼ੁਰੂਆਤ 2 ਅਕਤੂਬਰ ਤੋਂ ਕਰ ਦਿੱਤੀ ਜਾਵੇਗੀ। ਰੇਲਵੇ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਰੇਲ ਸਦਰ ਮੁਕਾਮ ਵਲੋਂ ਦਿੱਲੀ ਡਵੀਜ਼ਨ ਦੇ ਜਿਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਕੁੱਲੜਾਂ ਤੇ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਵਿਚ ਨਵੀਂ ਦਿੱਲੀ, ਪੁਰਾਣੀ ਦਿੱਲੀ, ਨਿਜ਼ਾਮ-ਉਦ-ਦੀਨ, ਆਨੰਦ ਵਿਹਾਰ, ਦਿੱਲੀ ਸਰਾਏ, ਰੋਹਿਲਾ ਅਤੇ ਗਾਜ਼ੀਆਬਾਦ ਸ਼ਾਮਲ ਹਨ। ਮੁਰਾਦਾਬਾਦ ਡਵੀਜ਼ਨ ਵਿਚ ਦੇਹਰਾਦੂਨ, ਮੁਰਾਦਾਬਾਦ ਅਤੇ ਹਰਿਦਵਾਰ, ਲਖਨਊ ਡਵੀਜ਼ਨ ਵਿਚ ਅਮੇਠੀ, ਸੁਲਤਾਨਪੁਰ, ਵਾਰਾਨਸੀ ਅਤੇ ਲਖਨਊ, ਅੰਬਾਲਾ ਡਵੀਜ਼ਨ 'ਚ ਕਾਲਕਾ, ਸ਼ਿਮਲਾ, ਊਨਾ ਅਤੇ ਚੰਡੀਗੜ੍ਹ, ਫਿਰੋਜ਼ਪੁਰ ਡਵੀਜ਼ਨ ਵਿਚ ਜੰਮੂ ਤਵੀ, ਕਟੜਾ, ਜਲੰਧਰ ਸ਼ਹਿਰ, ਲੁਧਿਆਣਾ, ਪਠਾਨਕੋਟ, ਫਿਰੋਜ਼ਪੁਰ ਛਾਉਣੀ ਤੇ ਅੰਮ੍ਰਿਤਸਰ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਮਿੱਟੀ ਦੇ ਕੁੱਲੜਾਂ ਤੇ ਮਿੱਟੀ ਦੇ ਭਾਂਡਿਆਂ ਵਿਚ ਹੀ ਮੁਸਾਫਰਾਂ ਨੂੰ ਚਾਹ ਅਤੇ ਲੱਸੀ ਤੋਂ ਲੈ ਕੇ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ। ਦੇਖਣਾ ਹੋਵੇਗਾ ਕਿ ਰੇਲਵੇ ਦਾ ਇਹ ਹੁਕਮ ਕਿੰਨਾ ਅਸਰਦਾਇਕ ਹੁੰਦਾ ਹੈ।


KamalJeet Singh

Content Editor

Related News