''ਕੋਰੋਨਾ ਮਰੀਜ਼ਾਂ'' ਦੀ ਐਡਮਿਸ਼ਨ ਲਈ GMCH-32 ਨੇ ਖੜ੍ਹੇ ਕੀਤੇ ਹੱਥ

Thursday, May 07, 2020 - 01:44 PM (IST)

ਚੰਡੀਗੜ੍ਹ (ਅਰਚਨਾ) : ਜੀ. ਐੱਮ. ਸੀ. ਐੱਚ.-32 ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਹੱਥ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ’ਚ ਵਧਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਅਤੇ ਪੀ. ਜੀ. ਆਈ. ’ਚ ਭਰਤੀ 100 ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਨੂੰ ਵੇਖਦੇ ਹੋਏ ਜਦੋਂ ਚੰਡੀਗੜ੍ਹ ਪ੍ਰਸਾਸ਼ਨ ਨੇ ਜੀ. ਐੱਮ. ਸੀ. ਐੱਚ. ਮੈਨੇਜਮੈਂਟ ਨੂੰ ਸੈਕਟਰ-48 ਦੇ ਕੋਵਿਡ ਹਸਪਤਾਲ ’ਚ ਕੋਰੋਨਾ ਮਰੀਜ਼ ਭਰਤੀ ਕਰਨ ਲਈ ਕਿਹਾ ਤਾਂ ਮੈਨੇਜਮੈਂਟ ਨੇ ਕਿਹਾ ਕਿ ਫਿਲਹਾਲ ਹਸਪਤਾਲ ਮਰੀਜ਼ਾਂ ਦੀ ਐਡਮਿਸ਼ਨ ਲਈ ਤਿਆਰ ਨਹੀਂ ਹੈ। ਸੈਕਟਰ-48 ਦੇ ਹਸਪਤਾਲ ਨੂੰ ਮਰੀਜ਼ਾਂ ਲਈ ਤਿਆਰ ਕਰਨ ’ਚ ਘੱਟ ਤੋਂ ਘੱਟ 10 ਦਿਨ ਦਾ ਸਮਾਂ ਲੱਗ ਸਕਦਾ ਹੈ। ਨਿਯਮ ਕਹਿੰਦੇ ਹਨ ਕਿ ਜੀ. ਐੱਮ. ਸੀ.ਐੱਚ.-32 ਨੇ ਕੋਰੋਨਾ ਮਰੀਜ਼ਾਂ ਦੀ ਐਡਮਿਸ਼ਨ, ਟਰੀਟਮੈਂਟ ਤੋਂ ਲੈ ਕੇ ਡਾਕਟਰਾਂ ਦੇ ਰੋਸਟਰ ਪਲਾਨ ਲਈ ਕੁੱਝ ਦਿਨਾਂ ਦਾ ਸਮਾਂ ਮੰਗਿਆ ਹੈ ਅਤੇ ਕਿਹਾ ਕਿ ਹਸਪਤਾਲ ਦੇ 80 ਫੀਸਦੀ ਰੈਜੀਡੈਂਟ ਡਾਕਟਰ ਕੁਆਰੰਟਾਈਨ ਹਨ। 12 ਮਈ ਤੱਕ ਡਾਕਟਰ ਪਰਤ ਆਉਣਗੇ ਅਤੇ ਕੋਵਿਡ ਹਸਪਤਾਲ ’ਚ ਮਾਨੀਟਰਜ਼, ਕੁੱਝ ਵੈਂਟੀਲੇਟਰਜ਼ ਲਾਉਣ ਦਾ ਕੰਮ ਵੀ ਬਾਕੀ ਹੈ, ਤਦ ਤੱਕ ਉਹ ਵੀ ਪੂਰਾ ਕਰ ਲਿਆ ਜਾਵੇਗਾ।
ਪੀ. ਜੀ. ਆਈ. ਦੇ 100 ਤੋਂ ਵੱਧ ਡਾਕਟਰ, ਹੈਲਥ ਵਰਕਰ ਕੁਆਰੰਟਾਈਨ
ਉਧਰ, ਪੀ. ਜੀ. ਆਈ. ਦੇ ਵੀ 100 ਤੋਂ ਜ਼ਿਆਦਾ ਡਾਕਟਰਾਂ ਸਮੇਤ ਹੈਲਥ ਵਰਕਰ ਕੁਆਰੰਟਾਈਨ ’ਚ ਹਨ ਅਤੇ ਬਹੁਤ ਸਾਰੇ ਹੈਲਥ ਵਰਕਰਾਂ ਨੂੰ 7 ਦਿਨਾਂ ਦੀ ਡਿਊਟੀ ਤੋਂ ਬਾਅਦ ਕੁਆਰੰਟਾਈਨ ’ਤੇ ਭੇਜਿਆ ਜਾਂਦਾ ਹੈ। ਇਧਰ, ਜੀ. ਐੱਮ. ਐੱਸ. ਐੱਚ.-16 ’ਚ ਵੀ ਕਰੀਬ 68 ਕੋਰੋਨਾ ਸ਼ੱਕੀ ਭਰਤੀ ਹਨ। ਇੱਥੋਂ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੀ. ਜੀ. ਆਈ. ’ਚ ਭੇਜ ਦਿੱਤਾ ਜਾਂਦਾ ਹੈ। ਅਜਿਹੇ ’ਚ ਪ੍ਰਸਾਸ਼ਨ ਦਾ ਮੰਨਣਾ ਹੈ ਕਿ ਜਦੋਂ ਪੀ. ਜੀ. ਆਈ. ਅਤੇ ਜੀ. ਐੱਮ. ਐੱਸ.ਐੱਚ-16 ਸੰਕਟ ਦੀ ਸਥਿਤੀ ’ਚ ਪ੍ਰਸਾਸ਼ਨ ਨਾਲ ਮਿਲਕੇ ਕੰਮ ਕਰ ਰਹੇ ਹਨ ਤਾਂ ਜੀ. ਐੱਮ. ਸੀ. ਐੱਚ.-32 ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਦੂਜੇ ਵਿਭਾਗਾਂ ਦੇ ਡਾਕਟਰਾਂ ਦੀ ਨਿਯੁਕਤੀ ਕਰੋ
ਪੀ. ਜੀ. ਆਈ. ਦੇ 250 ਬੈੱਡ ਹਸਪਤਾਲ ਨੂੰ ਕੋਵਿਡ ਬਣਾਉਣ ਤੋਂ ਬਾਅਦ ਸੈਕਟਰ-48 ਦੇ ਹਸਪਤਾਲ ਨੂੰ ਬੈਕਅਪ ’ਚ ਕੋਵਿਡ ਹਸਪਤਾਲ ਬਣਾਇਆ ਗਿਆ ਸੀ। ਪੀ. ਜੀ. ਆਈ. ਦੇ 50 ਫੀਸਦੀ ਤੋਂ ਜ਼ਿਆਦਾ ਬੈੱਡ ਕੋਰੋਨਾ ਇੰਫੈਕਸ਼ਨ ਅਤੇ ਸ਼ੱਕੀ ਮਰੀਜ਼ਾਂ ਨਾਲ ਭਰ ਚੁੱਕੇ ਹਨ। ਆਉਣ ਵਾਲੇ ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਹੋਰ ਵਧੇਗੀ। ਅਜਿਹੇ ’ਚ ਬੈਕਅਪ ਹਸਪਤਾਲ ’ਚ ਪੇਸ਼ੈਂਟਸ ਦੀ ਐਡਮਿਸ਼ਨ ਜ਼ਰੂਰੀ ਹੋ ਗਈ ਹੈ। ਹਾਲਾਂਕਿ ਸ਼ੁਰੂਆਤ ’ਚ ਜੀ. ਐੱਮ. ਸੀ. ਐੱਚ.-32 ਨੇ ਕੋਰੋਨਾ ਇੰਫੈਕਸ਼ਨ ਵਾਲੇ ਮਰੀਜ਼ ਐਡਮਿਟ ਕੀਤੇ ਸਨ ਪਰ ਪੀ. ਜੀ. ਆਈ. ਕੋਵਿਡ ਹਸਪਤਾਲ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਭੇਜ ਦਿੱਤਾ ਗਿਆ। ਹਸਪਤਾਲ ਦੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਰੈਜੀਡੈਂਟ ਡਾਕਟਰਾਂ ਦਾ ਕੁਆਰੰਟਾਈਨ ਖਤਮ ਹੋਣ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ? ਹਸਪਤਾਲ ਦੇ ਬਹੁਤ ਸਾਰੇ ਵਿਭਾਗਾਂ ਦੇ ਡਾਕਟਰਾਂ ਨੂੰ ਕੋਵਿਡ ਹਸਪਤਾਲ ’ਚ ਲਾ ਸਕਦੇ ਹਨ। ਹਰਿਆਣਾ ’ਚ ਤਾਂ ਡੈਂਟਲ, ਈ. ਐੱਨ. ਟੀ., ਮੈਡੀਕਲ ਅਫਸਰਜ਼ ਕੋਵਿਡ ਹਸਪਤਾਲਾਂ ’ਚ ਕੰਮ ਕਰ ਰਹੇ ਹਨ। ਜੀ. ਐੱਮ. ਸੀ. ਐੱਚ. ’ਚ ਗਾਇਨੀਕੋਲਾਜੀ ਵਿਭਾਗ ਤੋਂ ਇਲਾਵਾ ਕਿਸੇ ਵੀ ਵਿਭਾਗ ਦੀ ਓ. ਪੀ. ਡੀ. ਨਹੀਂ ਚੱਲ ਰਹੀ ਹੈ, ਅਜਿਹੇ ’ਚ ਦੂਜੇ ਵਿਭਾਗਾਂ ਦੇ ਡਾਕਟਰਾਂ ਦੀ ਵੀ ਕੋਵਿਡ ਹਸਪਤਾਲਾਂ ’ਚ ਡਿਊਟੀ ਲਾਈ ਜਾ ਸਕਦੀ ਹੈ। ਹਸਪਤਾਲ ’ਚ ਸ਼ੱਕੀ ਮਰੀਜ਼ਾਂ ਨੂੰ ਤਾਂ ਰੱਖ ਹੀ ਸਕਦੇ ਹਨ। ਕਾਲੋਨੀਆਂ ਤੋਂ ਆਉਣ ਵਾਲੇ ਸ਼ੱਕੀ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ’ਚ ਕੁਅਰੰਟਾਈਨ ਕਰਨਾ ਕਿਹੜਾ ਠੀਕ ਹੈ। ਉੱਥੇ ਇੱਕ ਕਮਰੇ ਦੇ ਘਰ ’ਚ ਛੇ-ਛੇ ਲੋਕ ਰਹੇ ਹੁੰਦੇ ਹਨ। ਅਜਿਹੇ ਲੋਕਾਂ ਨੂੰ ਜੀ. ਐੱਮ. ਸੀ.ਐੱਚ. ਹੀ ਫਿਲਹਾਲ ਕੁਅਰੰਟਾਈਨ ਕਰ ਲਵੇ।
ਵੱਧ ਗਏ ਹਨ ਮਰੀਜ਼
ਜੀ. ਐੱਮ. ਐੱਸ. ਐੱਚ.-16 ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਰਿੰਦਰ ਨਾਗਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚੰਡੀਗੜ੍ਹ ਪ੍ਰਸਾਸ਼ਨ ਨੇ 40 ਪੇਸ਼ੈਂਟ ਬੈੱਡ ਰੱਖਣ ਲਈ ਕਿਹਾ ਸੀ ਪਰ ਜ਼ਿਆਦਾ ਮਰੀਜ਼ਾਂ ਦੇ ਆਉਣ ’ਤੇ ਹਸਪਤਾਲ ਦੀ ਕੋਵਿਡ ਬੈੱਡਾਂ ਦੀ ਗਿਣਤੀ 70 ਕਰ ਦਿੱਤੀ ਗਈ ਹੈ। ਕੋਰੋਨਾ ਸ਼ੱਕੀ ਮਰੀਜ਼ ਇੱਥੇ ਰੱਖਦੇ ਹਨ। ਪਹਿਲਾਂ ਤਾਂ ਲੱਛਣ ਵੇਖਕੇ ਦੋ ਦਿਨ ਬਾਅਦ ਕੋਰੋਨਾ ਟੈਸਟ ਕਰਦੇ ਸਨ, ਪਰ ਹੁਣ ਐਡਮਿਸ਼ਨ ਦੇ ਨਾਲ ਹੀ ਟੈਸਟ ਕਰ ਦਿੱਤੇ ਜਾਂਦੇ ਹਨ ਅਤੇ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਨੂੰ ਪੀ. ਜੀ. ਆਈ. ਭੇਜ ਦਿੱਤਾ ਜਾਂਦਾ ਹੈ।
ਪਲਾਨਿੰਗ ਕਰ ਲਈਏ ਫਿਰ ਕਰਾਂਗੇ ਐਡਮਿਸ਼ਨ
ਜੀ. ਐੱਮ. ਸੀ. ਐੱਚ.-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਬੀ.ਐੱਸ. ਚਵਨ ਦਾ ਕਹਿਣਾ ਹੈ ਕਿ ਹਸਪਤਾਲ ਨੇ ਮਰੀਜ਼ ਰੱਖਣ ਤੋਂ ਮਨ੍ਹਾਂ ਨਹੀਂ ਕੀਤਾ ਹੈ। ਹਾਲੇ ਪ੍ਰਸਾਸ਼ਨ ਵਲੋਂ ਇਸ ਸੰਬੰਧ ’ਚ ਗੱਲ ਚੱਲ ਰਹੀ ਹੈ। ਹਸਪਤਾਲ ਮਰੀਜ਼ਾਂ ਦੀ ਐਡਮਿਸ਼ਨ, ਟਰੀਟਮੈਂਟ ਨੂੰ ਲੈਕੇ ਪਲਾਨ ਕਰ ਰਿਹਾ ਹੈ। ਪਲਾਨਿੰਗ ਤੋਂ ਬਾਅਦ ਹੀ ਮਰੀਜ਼ਾਂ ਨੂੰ ਹਸਪਤਾਲ ’ਚ ਭਰਤੀ ਕੀਤਾ ਜਾਵੇਗਾ।


Babita

Content Editor

Related News