ਬਠਿੰਡਾ : ਸਿਰ ਧੜ ਤੋਂ ਵੱਖ ਮਿਲੀ ਲਾਸ਼ ਦੇ ਮਾਮਲੇ 'ਚ 3 ਗ੍ਰਿਫਤਾਰ (ਤਸਵੀਰਾਂ)

Thursday, Apr 18, 2019 - 06:29 PM (IST)

ਬਠਿੰਡਾ : ਸਿਰ ਧੜ ਤੋਂ ਵੱਖ ਮਿਲੀ ਲਾਸ਼ ਦੇ ਮਾਮਲੇ 'ਚ 3 ਗ੍ਰਿਫਤਾਰ (ਤਸਵੀਰਾਂ)

ਬਠਿੰਡਾ (ਅਮਿਤ, ਵਰਮਾ) - ਆਰਕੈਸਟ੍ਰਾ 'ਚ ਕੰਮ ਕਰਨ ਵਾਲੀ 32 ਸਾਲਾ ਇਕ ਲੜਕੀ ਦਾ ਉਸ ਦੇ ਸਾਥੀਆਂ ਨੇ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਕਤਲ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਧੜ ਨੂੰ ਸਿਰ ਤੋਂ ਵੱਖ ਕਰ ਦਿੱਤਾ ਸੀ। ਪੁਲਸ ਨੇ ਇਸ ਅੰਨ੍ਹੇ ਕਤਲ ਦੇ ਮਾਮਲੇ ਨੂੰ 48 ਘੰਟਿਆਂ 'ਚ ਸੁਲਝਾ ਲਿਆ। ਉਸਦੇ ਸਾਥੀਆਂ ਨੇ ਸਪਨਾ ਨਾਂ ਦੀ ਆਰਕੈਸਟ੍ਰਾ 'ਚ ਕੰਮ ਕਰਨ ਵਾਲੀ ਡਾਂਸਰ ਨੂੰ ਸ਼ਰਾਬ ਪਿਆ ਕੇ ਪਹਿਲਾਂ ਬੇਹੋਸ਼ ਕੀਤਾ ਤੇ ਬਾਅਦ 'ਚ ਸਿਰ ਧੜ ਤੋਂ ਵੱਖ ਕਰਕੇ ਉਸ ਨੂੰ ਸੂਏ 'ਚ ਸੁੱਟ ਦਿੱਤਾ ਸੀ। ਦੱਸ ਦੇਈਏ ਕਿ ਕਾਤਲਾਂ ਨੇ ਮ੍ਰਿਤਕਾ ਦੀ ਪਛਾਣ ਮਿਟਾਉਣ ਲਈ ਹੀ ਇਹ ਘਿਨਾਉਣਾ ਕੰਮ ਕੀਤਾ ਸੀ। ਸਬੂਤ ਮਿਟਾਉਣ ਦੇ ਇਰਾਦੇ ਨਾਲ ਉਨ੍ਹਾਂ ਨੇ ਲੜਕੀ ਨੂੰ ਨੰਗਾ ਕਰ ਦਿੱਤਾ ਤਾਂ ਕਿ ਇਹ ਜਬਰ-ਜ਼ਨਾਹ ਦਾ ਮਾਮਲਾ ਲੱਗੇ। ਪੁਲਸ ਨੇ ਕਤਲ ਦੇ ਮਾਮਲੇ 'ਚ ਮ੍ਰਿਤਕਾ ਦੇ ਸਾਥੀ ਜਿਨ੍ਹਾਂ 'ਚ ਡਾਂਸਰ ਪੂਨਮ ਉਰਫ ਪੂਜਾ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਵਾਸੀ ਬੰਗੀ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। 

PunjabKesari

ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਦੀ ਦੇਰ ਰਾਤ ਸਿਰਸਾ ਲਾਈਨ ਦੇ ਕੋਲ ਇਕ ਲੜਕੀ ਦੀ ਸਿਰ ਕੱਟੀ ਲਾਸ਼ ਮਿਲੀ ਸੀ। ਇਸ ਦੌਰਾਨ ਰੇਲਵੇ ਪੁਲਸ ਨੂੰ ਇਸਦੀ ਸੂਚਨਾ ਮਿਲੀ ਸੀ ਅਤੇ ਜੀ. ਆਰ. ਪੀ. ਨੇ ਅਣਪਛਾਤੇ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਸੀ। ਮ੍ਰਿਤਕਾ ਦੀ ਪਛਾਣ ਲਈ ਲਾਸ਼ ਨੂੰ ਫਰੀਦਕੋਟ ਭੇਜ ਦਿੱਤਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਧੋਬੀਆਣਾ ਬਸਤੀ ਦੀ ਰਹਿਣ ਵਾਲੀ ਸਪਨਾ ਘਰ ਤੋਂ ਵੱਖ ਆਰਕੈਸਟ੍ਰਾ 'ਚ ਸ਼ਾਮਲ ਹੋ ਕੇ ਡਾਂਸ ਕਰਦੀ ਸੀ ਅਤੇ ਉਥੇ ਹੀ ਉਸਦੀ ਪਛਾਣ ਪੂਨਮ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਨਾਲ ਹੋ ਗਈ। ਆਰਕੈਸਟ੍ਰਾ 'ਚ ਜੋ ਕਮਾਈ ਹੁੰਦੀ ਸੀ, ਉਹ ਚਾਰੇ ਆਪਸ 'ਚ ਵੰਡ ਲੈਂਦੇ ਸਨ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਹੁੰਦਾ ਸੀ।

PunjabKesari

ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮ੍ਰਿਤਕਾ ਦੇ ਸਾਥੀਆਂ ਨੇ ਉਸ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ ਸਨ, ਜਿਸ ਕਾਰਨ ਸਪਨਾ ਨੇ ਆਰਕੈਸਟ੍ਰਾ 'ਚ ਕੰਮ ਕਰਨਾ ਛੱਡ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਮ੍ਰਿਤਕਾ ਦੇ ਸਾਥੀਆਂ ਨੇ ਸ਼ਰਾਬ ਪਿਆ ਕੇ ਪਹਿਲਾਂ ਉਸ ਨੂੰ ਬੇਹੋਸ਼ ਕੀਤਾ ਤੇ ਫਿਰ ਮਾਰ ਕੇ ਲਾਸ਼ ਨੂੰ ਟਿਕਾਣੇ ਲਾਉਣ ਲਈ ਸਿਰਸਾ ਲਾਈਨ ਕੋਲ ਰਜਬਾਹੇ 'ਚ ਸੁੱਟ ਦਿੱਤਾ । ਮੁਲਜ਼ਮਾਂ ਨੇ ਸੋਚਿਆ ਸੀ ਕਿ ਰਜਬਾਹੇ 'ਚ ਪਾਣੀ ਆਵੇਗਾ ਅਤੇ ਲਾਸ਼ ਵਹਿ ਕੇ ਅੱਗੇ ਨਿਕਲ ਜਾਵੇਗੀ ਪਰ ਨਹਿਰਬੰਦੀ ਕਰਕੇ ਰਜਬਾਹੇ 'ਚ ਪਾਣੀ ਨਹੀਂ ਸੀ, ਜਿਸ ਕਾਰਨ ਲਾਸ਼ ਉਥੇ ਹੀ ਫਸੀ ਰਹੀ। 

ਐੱਸ. ਐੱਸ. ਪੀ. ਨੇ ਦੱਸਿਆ ਕਿ ਸੀ. ਆਈ. ਏ.-2 ਦੇ ਪ੍ਰਮੁੱਖ ਤਰਜਿੰਦਰ ਸਿੰਘ ਦੀ ਅਗਵਾਈ 'ਚ ਟੀਮ ਗਠਿਤ ਕੀਤੀ ਹੈ, ਜਿਸਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ 'ਚ ਅਹਿਮ ਭੂਮਿਕਾ ਨਿਭਾਈ। ਤਿੰਨਾਂ ਨੂੰ ਗ੍ਰਿਫਤਾਰ ਕਰ ਕੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ 15 ਅਪ੍ਰੈਲ ਨੂੰ ਸਾਜ਼ਿਸ਼ ਤਹਿਤ ਉਨ੍ਹਾਂ ਸਪਨਾ ਨੂੰ ਸਿਰਸਾ ਲਾਈਨ ਫਾਟਕ ਕੋਲ ਬੁਲਾਇਆ, ਉਥੇ ਸ਼ਰਾਬ ਪਿਆ ਕੇ ਤੇਜ਼ਧਾਰ ਹਥਿਆਰ ਨਾਲ ਸਿਰ ਧੜ ਤੋਂ ਅਲੱਗ ਕਰ ਦਿੱਤਾ। ਸਬੂਤ ਮਿਟਾਉਣ ਲਈ ਉਨ੍ਹਾਂ ਨੇ ਧੜ ਅਲੱਗ ਅਤੇ ਸਿਰ ਨੂੰ ਅਲੱਗ ਸੁੱਟਿਆ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।

 


author

rajwinder kaur

Content Editor

Related News