ਮੁੰਡੇ ਦੀ ਮਾਂ ਵੱਲੋਂ ਰਿਸ਼ਤੇ ਤੋਂ ਮਨ੍ਹਾਂ ਕਰਨ ’ਤੇ ਕੁੜੀ ਨੇ ਪੀਤੀ ਜ਼ਹਿਰੀਲੀ ਦਵਾਈ

06/05/2024 3:59:02 PM

ਫਿਰੋਜ਼ਪੁਰ (ਪਰਮਜੀਤ, ਖੁੱਲਰ) : ਫਿਰੋਜ਼ਪੁਰ ’ਚ ਮੁੰਡੇ ਦੀ ਮਾਂ ਵੱਲੋਂ ਰਿਸ਼ਤੇ ਤੋਂ ਮਨਾਂ ਕਰਨ ’ਤੇ ਕੁੜੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਇਕ ਮੁੰਡੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੁਖਵਿੰਦਰ ਸਿੰਘ ਪੁੱਤਰ ਹੱਸਣ ਸਿੰਘ ਵਾਸੀ ਪਿੰਡ ਸ਼ਾਹਦੀਨ ਵਾਲਾ ਨੇ ਦੱਸਿਆ ਕਿ ਉਸ ਦੀ ਧੀ ਮਨਦੀਪ ਕੌਰ (17) ਜੋ 12ਵੀਂ ਜਮਾਤ ’ਚ ਪੜ੍ਹਦੀ ਹੈ।

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਨਾਲ ਮੁਲਜ਼ਮ ਯੋਧਾ ਪੁੱਤਰ ਦੇਬੂ ਵੀ ਪੜ੍ਹਦਾ ਹੈ, ਜਿਨ੍ਹਾਂ ਦੀ ਦੋਸਤੀ ਹੋ ਗਈ ਸੀ ਤੇ ਯੋਧਾ ਦੇ ਮਾਤਾ-ਪਿਤਾ ਨਾਲ ਰਿਸ਼ਤੇ ਦੀ ਗੱਲ ਹੋ ਗਈ ਸੀ ਅਤੇ ਮੁਲਜ਼ਮ ਦੇ ਮਾਤਾ ਵੱਲੋਂ ਰਿਸ਼ਤੇ ਤੋਂ ਮਨਾਂ ਕਰਨ ’ਤੇ ਮਨਦੀਪ ਕੌਰ ਨੇ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮਨਦੀਪ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਜਵੰਤ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


Babita

Content Editor

Related News