ਨਾਬਾਲਿਗ ਕੁੜੀ ਨਾਲ ਪਿਆਰ ਦੀਆਂ ਪੀਂਘਾ ਪਾ ਬੁਰਾ ਫਸਿਆ ਮੁੰਡਾ, ਪੁੱਜਾ ਜੇਲ
Monday, Apr 22, 2019 - 05:10 PM (IST)
![ਨਾਬਾਲਿਗ ਕੁੜੀ ਨਾਲ ਪਿਆਰ ਦੀਆਂ ਪੀਂਘਾ ਪਾ ਬੁਰਾ ਫਸਿਆ ਮੁੰਡਾ, ਪੁੱਜਾ ਜੇਲ](https://static.jagbani.com/multimedia/2017_3image_09_24_509600000love-couple-shadow.jpg)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਇਕ ਢਾਬੇ 'ਤੇ ਕੰਮ ਕਰਨ ਵਾਲੇ ਨੌਜਵਾਨ ਸੰਜੇ ਚੌਧਰੀ ਨੂੰ ਨਾਬਾਲਿਗ ਲੜਕੀ ਨਾਲ ਪ੍ਰੇਮ ਕਰਨਾ ਅਤੇ ਉਸ ਨੂੰ ਭਜਾ ਕੇ ਵਿਆਹ ਕਰਵਾਉਣਾ ਮਹਿੰਗਾ ਪਿਆ ਅਤੇ ਪੁਲਸ ਨੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਜੇਲ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਇਕ ਮਹੀਨਾ ਪਹਿਲਾਂ ਸੰਜੇ ਚੌਧਰੀ ਨਾਬਾਲਿਗ ਲੜਕੀ ਪਾਇਲ (15) (ਕਾਲਪਨਿਕ ਨਾਂ) ਨੂੰ ਵਿਆਹ ਕਰਵਾਉਣ ਦੇ ਇਰਾਦੇ ਨਾਲ ਭਜਾ ਕੇ ਲੈ ਗਿਆ ਜਿਸ 'ਤੇ ਲੜਕੀ ਦੇ ਮਾਪਿਆਂ ਨੇ ਪੁਲਸ ਥਾਣੇ ਉਸ ਖਿਲਾਫ਼ ਸ਼ਿਕਾਇਤ ਕੀਤੀ ਅਤੇ ਪੁਲਸ ਵਲੋਂ ਨੌਜਵਾਨ ਖਿਲਾਫ਼ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ।
ਐਤਵਾਰ ਨੂੰ ਪੁਲਸ ਨੇ ਮਾਛੀਵਾੜਾ ਅਨਾਜ ਮੰਡੀ ਨੇੜੇ ਗੁਪਤ ਸੂਚਨਾ ਦੇ ਆਧਾਰ 'ਤੇ ਪ੍ਰੇਮੀ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਲੜਕੀ ਦੇ ਹੱਥਾਂ ਵਿਚ ਲਾਲ ਚੂੜਾ ਪਾਇਆ ਹੋਇਆ ਸੀ ਅਤੇ ਲੜਕਾ ਉਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਵਧੀਆ ਜ਼ਿੰਦਗੀ ਬਤੀਤ ਕਰਨ ਦੇ ਸੁਪਨੇ ਦੇਖ ਰਿਹਾ ਸੀ। ਪੁਲਸ ਕੋਲ ਇਸ ਪ੍ਰੇਮੀ ਜੋੜੇ ਨੇ ਬਹੁਤ ਦੁਹਾਈਆਂ ਪਾਈਆਂ ਕਿ ਉਨ੍ਹਾਂ ਵਿਆਹ ਕਰਵਾ ਲਿਆ ਹੈ ਜੋ ਕਿ ਨਬਾਲਿਗ ਲੜਕੀ ਦੀ ਰਜ਼ਾਮੰਦੀ ਨਾਲ ਹੀ ਹੋਇਆ ਹੈ ਪਰ ਕਾਨੂੰਨੀ ਅੜਚਨਾ ਤੇ ਲੜਕੀ ਦੇ ਉਮਰ ਘੱਟ ਹੋਣ ਕਾਰਨ ਪੁਲਸ ਨੇ ਇਸ ਪ੍ਰੇਮੀ ਜੋੜੇ ਦੀ ਇਕ ਨਾ ਸੁਣੀ।
ਪੁਲਿਸ ਵਲੋਂ ਸੰਜੇ ਚੌਧਰੀ ਨੂੰ ਗ੍ਰਿਫ਼ਤਾਰ ਕਰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਅਤੇ ਲੜਕੀ ਨੂੰ ਉਸਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ। ਪੁਲਸ ਵਲੋਂ ਲੜਕੀ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਅਤੇ ਪ੍ਰੇਮੀ ਸੰਜੇ ਚੌਧਰੀ ਖਿਲਾਫ਼ ਅਗਵਾ ਕਰਨ ਦੇ ਨਾਲ-ਨਾਲ ਪਰਚੇ ਵਿਚ ਬਲਾਤਕਾਰ ਦੀ ਧਾਰਾ ਦਾ ਵੀ ਵਾਧਾ ਕਰ ਦਿੱਤਾ ਗਿਆ।