ਕੁੜੀ ਨੇ ਔਰਤ ''ਤੇ ਲਗਾਏ ਵੇਚਣ ਦੇ ਦੋਸ਼, ਕਿਹਾ ਕੋਲਡ ਡਰਿੰਕ ''ਚ ਨਸ਼ਾ ਪਿਲਾ ਕੇ ਕੀਤਾ ਬਲਾਤਕਾਰ

Tuesday, Feb 23, 2021 - 05:04 PM (IST)

ਕੁੜੀ ਨੇ ਔਰਤ ''ਤੇ ਲਗਾਏ ਵੇਚਣ ਦੇ ਦੋਸ਼, ਕਿਹਾ ਕੋਲਡ ਡਰਿੰਕ ''ਚ ਨਸ਼ਾ ਪਿਲਾ ਕੇ ਕੀਤਾ ਬਲਾਤਕਾਰ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਇਕ ਕੁੜੀ ਨੇ ਇਕ ਔਰਤ 'ਤੇ ਉਸਨੂੰ ਇਕ ਹਰਿਆਣੇ ਦੇ ਮਹੰਤ ਕੋਲ ਵੇਚਣ ਦੇ ਕਥਿਤ ਤੌਰ 'ਤੇ ਦੋਸ਼ ਲਗਾਏ ਹਨ ਅਤੇ ਇਹ ਵੀ ਦੋਸ਼ ਲਗਾਇਆ ਹੈ ਕਿ ਮਹੰਤ ਵਲੋਂ ਉਸ ਨਾਲ ਜਬਰ-ਜ਼ਿਨਾਹ ਵੀ ਕੀਤਾ ਗਿਆ। ਇੰਨਾ ਹੀ ਨਹੀਂ ਬਠਿੰਡਾ ਦੀ ਇਕ ਜਨਾਨੀ ਨੇ ਆਪਣੇ ਨਾਬਾਲਿਗ ਧੀ ਨਾਲ ਉਸਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ। ਸਿਵਲ ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕੁੜੀ ਨੇ ਦੱਸਿਆ ਕਿ ਪਿਛਲੇ ਸਾਲ 24 ਜੂਨ ਨੂੰ ਮੈਂ ਫੋਟੋ ਸਟੇਟ ਕਰਵਾਉਣ ਗਈ ਸੀ ਤਾਂ ਮੇਰੇ ਘਰ ਵਿਚ ਕਿਰਾਏ 'ਤੇ ਰਹਿਣ ਵਾਲੀ ਕੁੜੀ ਮੈਨੂੰ ਸੇਖਾ ਰੋਡ 'ਤੇ ਇਕ ਘਰ ਵਿਚ ਲੈ ਗਈ। ਉਥੇ ਜਾ ਕੇ ਮੈਨੂੰ ਕੋਲਡ ਡਰਿੰਕ ਪਿਆ ਦਿੱਤਾ, ਜਿਸ ਵਿਚ ਨਸ਼ਾ ਸੀ। ਨਸ਼ੇ ਦੀ ਹਾਲਤ ਵਿਚ ਇਕ ਹਰਿਆਣੇ ਦੇ ਮਹੰਤ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਮੈਨੂੰ ਇਸ ਮਹੰਤ ਕੋਲ ਵੇਚਿਆ ਵੀ ਗਿਆ। ਫਿਰ ਮੈਨੂੰ ਬਰਨਾਲਾ ਦੇ ਇਕ ਨੇੜਲੇ ਪਿੰਡ ਵਿਚ ਲੈ ਗਏ। ਉਥੇ ਵੀ ਮੇਰੇ ਨਾਲ ਜਬਰ-ਜ਼ਿਨਾਹ ਹੁੰਦਾ ਰਿਹਾ ਅਤੇ ਮੈਨੂੰ ਜ਼ਬਰਦਸਤੀ ਨਸ਼ੇ ਦੀਆਂ ਗੋਲੀਆਂ ਖਵਾਈਆਂ ਗਈਆਂ। ਫਿਰ ਮੈਨੂੰ ਬਠਿੰਡਾ ਵਿਖੇ ਲੈ ਗਏ।

ਉਕਤ ਨੇ ਦੋਸ਼ ਲਗਾਇਆ ਕਿ ਉਥੇ ਇਕ ਔਰਤ ਨੇ ਜ਼ਬਰਦਸਤੀ ਆਪਣੇ ਨਾਬਾਲਿਗ ਮੁੰਡੇ ਨਾਲ ਮੇਰੀ ਸ਼ਾਦੀ ਕਰਵਾ ਦਿੱਤੀ ਅਤੇ ਕੋਰਟ ਵਿਚ ਵੀ ਮੈਥੋਂ ਦਬਾਅ ਨਾਲ ਬਿਆਨ ਦਿਵਾ ਦਿੱਤੇ। ਉਥੇ ਵੀ ਮੇਰੀ ਕੁੱਟਮਾਰ ਹੁੰਦੀ ਰਹੀ। ਬੀਤੇ ਦਿਨੀਂ ਉਥੇ ਘਰ ਵਿਚ ਕੋਈ ਨਹੀਂ ਸੀ, ਮੈਂ ਮੌਕਾ ਪਾ ਕੇ ਭੱਜ ਕੇ ਆਪਣੇ ਮਾਪਿਆਂ ਕੋਲ ਆ ਗਈ। ਉਨ੍ਹਾਂ ਨੇ ਮੈਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਇਸ ਮਾਮਲੇ ਵਿਚ ਕੁਝ ਪੁਲਸ ਕਰਮਚਾਰੀਆਂ ਨੇ ਵੀ ਸ਼ੱਕੀ ਭੂਮਿਕਾ ਨਿਭਾਈ ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਹੁਣ ਸਾਡੇ ਵਲੋਂ ਕੁੜੀ ਦੇ ਕੋਰਟ ਵਿਚ ਬਿਆਨ ਦਰਜ ਕਰਵਾਏ ਜਾਣਗੇ। ਕੋਰਟ ਸਾਨੂੰ ਜੋ ਹੁਕਮ ਦੇਵੇਗੀ ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।


author

Gurminder Singh

Content Editor

Related News