ਪਾਖੰਡੀ ਬਾਬੇ ਨੇ ਕੁੜੀ ਦਾ ਇਲਾਜ ਕਰਨ ਬਹਾਨੇ ਕੀਤਾ ਬਲਾਤਕਾਰ

Saturday, Mar 09, 2019 - 06:45 PM (IST)

ਪਾਖੰਡੀ ਬਾਬੇ ਨੇ ਕੁੜੀ ਦਾ ਇਲਾਜ ਕਰਨ ਬਹਾਨੇ ਕੀਤਾ ਬਲਾਤਕਾਰ

ਮੇਹਟੀਆਣਾ (ਮਿਸ਼ਰਾ, ਸੰਜੀਵ) : ਥਾਣਾ ਮੇਹਟੀਆਣਾ ਦੀ ਪੁਲਸ ਕੋਲ ਇਥੋਂ ਦੇ ਇਕ ਨੇੜਲੇ ਪਿੰਡ ਦੀ 22 ਸਾਲਾ ਲੜਕੀ ਨੇ ਇਥੋਂ ਦੇ ਹੀ ਇਕ ਪਿੰਡ ਦੇ ਪਾਖੰਡੀ ਸਾਧ 'ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਗਾਏ ਹਨ। ਬਿਆਨਾਂ 'ਚ ਲੜਕੀ ਨੇ ਕਿਹਾ ਕਿ ਉਹ ਪਿੱਛਲੇ ਕੁਝ ਸਮੇਂ ਤੋਂ ਬੀਮਾਰ ਸੀ। ਪਰਿਵਾਰ ਵਲੋਂ ਇਲਾਜ ਕਰਵਾਉਣ ਦੇ ਬਾਵਜੂਦ ਉਹ ਠੀਕ ਨਹੀਂ ਹੋਈ ਤੇ ਕੁਝ ਸਮਾਂ ਬਾਅਦ ਉਸ ਦੀ ਮੁਲਾਕਾਤ ਇਥੋਂ ਦੇ ਇਕ ਪਿੰਡ ਦੇ ਮੰਦਰ 'ਚ ਰਹਿੰਦੇ ਪਾਖੰਡੀ ਸਾਧ ਨਾਲ ਹੋਈ। ਉਕਤ ਬਾਬੇ ਨੇ ਲੜਕੀ ਦੇ ਘਰ ਵਾਲਿਆਂ ਨੂੰ ਇਹ ਕਹਿ ਕੇ ਝਾਂਸੇ 'ਚ ਲੈ ਲਿਆ ਕਿ ਉਸ ਨੂੰ ਉੱਪਰੀ ਕਸਰ ਹੈ ਤੇ ਇਲਾਜ ਲਈ ਉਸ ਨੂੰ ਮੰਦਰ 'ਚ ਬਾਬੇ ਕੋਲ ਰਹਿਣਾ ਪਵੇਗਾ ਅਤੇ ਬਾਬਾ ਉਸਨੂੰ ਠੀਕ ਕਰ ਦੇਵੇਗਾ। ਪੀੜਤ ਲੜਕੀ ਅਕਤੂਬਰ 2018 'ਚ ਬਾਬੇ ਕੋਲ ਮੰਦਰ 'ਚ ਆ ਕੇ ਇਲਾਜ ਲਈ ਰਹਿਣ ਲੱਗੀ। 
ਲੜਕੀ ਨੇ ਦੱਸਿਆ ਕਿ ਰਾਤ ਨੂੰ ਸੌਣ ਲੱਗਿਆਂ ਉਕਤ ਬਾਬੇ ਅਤੇ ਉਸ ਦੀ ਪਤਨੀ ਨੇ ਬੈੱਡ ਉੱਤੇ ਪੀੜਤਾਂ ਨੂੰ ਨਾਲ ਹੀ ਸੁਲਾ ਲਿਆ ਤੇ ਸੌਣ ਤੋਂ ਪਹਿਲਾਂ ਉਕਤ ਦੋਵਾਂ ਪਤੀ-ਪਤਨੀ ਨੇ ਪੀੜਤਾਂ ਨੂੰ ਮੰਤਰ ਪੜ੍ਹਾ ਕੇ ਜਲ ਪਿਲਾਇਆ ਤੇ ਉਹ ਬੇਹੋਸ਼ ਹੋ ਗਈ। ਜਦੋਂ ਅੱਧੀ ਰਾਤ ਵੇਲੇ ਉਸ ਨੂੰ ਹੋਸ਼ ਆਈ ਤਾਂ ਉਕਤ ਬਾਬਾ ਉਸ ਨਾਲ ਜਬਰ-ਜ਼ਨਾਹ ਕਰ ਰਿਹਾ ਸੀ ਤੇ ਉਸ ਦੀ ਪਤਨੀ ਬਾਬੇ ਦੀ ਮਦਦ ਕਰ ਰਹੀ ਸੀ। ਲੜਕੀ ਨੂੰ ਹੋਸ਼ ਆਉਣ ਉਪਰੰਤ ਢੋਂਗੀ ਬਾਬੇ ਤੇ ਉਸ ਦੀ ਪਤਨੀ ਨੇ ਕਿਸੇ ਨਾਲ ਗੱਲ ਕਰਨ 'ਤੇ ਲੜਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣਾ ਮੇਹਟੀਆਣਾ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਮੁਲਜ਼ਮ ਬਾਬੇ ਤੇ ਉਸ ਦੀ ਪਤਨੀ ਖਿਲਾਫ਼ ਧਾਰਾ 376, 506, 342 ਤੇ 120 ਬੀ ਆਈ.ਪੀ.ਸੀ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News