ਘਰੋਂ ਗਿਆ ਸੀ ਧਾਰਮਿਕ ਪ੍ਰੋਗਰਾਮ ''ਚ, ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ

10/14/2017 9:29:24 PM

ਫਾਜ਼ਿਲਕਾ, (ਨਾਗਪਾਲ, ਲੀਲਾਧਰ)—ਪਿੰਡ ਜੋੜਕੀ ਅੰਧੇਵਾਲੀ 'ਚ ਇਕ 22 ਵਰ੍ਹਿਆਂ ਦੇ ਨੌਜਵਾਨ ਹਰਜਿੰਦਰ ਸਿੰਘ ਉਰਫ਼ ਗੱਗੂ ਦੀ ਕਥਿਤ ਤੌਰ 'ਤੇ 5 ਪਿੰਡ ਵਾਸੀਆਂ ਵਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਮਿਲਿਆ ਹੈ। 
ਥਾਣਾ ਅਰਨੀਵਾਲਾ ਪੁਲਸ ਨੂੰ ਮ੍ਰਿਤਕ ਦੇ ਭਰਾ ਬਿੰਦਰ ਸਿੰਘ ਨੇ ਦਿੱਤੇ ਬਿਆਨਾਂ 'ਚ ਦੱਸਿਆ ਕਿ ਪਿੰਡ ਵਾਸੀ ਸ਼ੀਰਾ, ਮਨਪ੍ਰੀਤ ਸਿੰਘ, ਕਾਲਾ ਸਿੰਘ, ਰਾਜਾ ਸਿੰਘ ਅਤੇ ਅਮਰਜੀਤ ਸਿੰਘ ਉਸ ਦੇ ਭਰਾ ਹਰਜਿੰਦਰ ਸਿੰਘ ਨੂੰ ਬੀਤੀ ਰਾਤ ਲਗਭਗ 8.30 ਵਜੇ ਇਹ ਕਹਿ ਕੇ ਲੈ ਗਏ ਕਿ ਨੇੜਲੇ ਪਿੰਡ ਓਝਾਂ ਵਾਲੀ ਦੀ ਢਾਣੀ 'ਚ ਇਕ ਧਾਰਮਿਕ ਪ੍ਰੋਗਰਾਮ 'ਚ ਜਾਣਾ ਹੈ।
ਉਸ ਨੇ ਦੱਸਿਆ ਕਿ ਸਵੇਰੇ ਲਗਭਗ 5.30 ਵਜੇ ਜਦੋਂ ਉਹ ਆਪਣੇ ਖੇਤ ਤੋਂ ਪਾਣੀ ਲਗਾ ਕੇ ਵਾਪਸ ਘਰ ਦੇ ਨੇੜੇ ਪਹੁੰਚਿਆ ਤਾਂ ਵੇਖਿਆ ਕਿ ਸ਼ੀਰਾ ਸਿੰਘ, ਮਨਪ੍ਰੀਤ ਸਿੰਘ ਅਤੇ ਰਾਜਾ ਸਿੰਘ, ਜਿਨ੍ਹਾਂ ਨੇ ਡੰਡੇ ਫੜੇ ਹੋਏ ਸਨ, ਉਸ ਦੇ ਭਰਾ ਨੂੰ ਹੇਠਾਂ ਲਿਟਾ ਕੇ ਕੁੱਟ ਰਹੇ ਸਨ ਅਤੇ ਨੇੜੇ ਹੀ ਕਾਰ 'ਚ ਅਮਰਜੀਤ ਸਿੰਘ ਤੇ ਕਾਲਾ ਸਿੰਘ ਬੈਠੇ ਹੋਏ ਸਨ। ਉਸ ਨੂੰ ਉਥੇ ਆਉਂਦਾ ਵੇਖ ਕੇ ਸਾਰੇ ਡੰਡਿਆਂ ਸਮੇਤ ਕਾਰ 'ਚ ਬੈਠ ਕੇ ਫਰਾਰ ਹੋ ਗਏ। 
ਜਦੋਂ ਉਹ ਆਪਣੇ ਭਰਾ ਦੇ ਕੋਲ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਸੀ। ਥਾਣਾ ਅਰਨੀਵਾਲਾ ਪੁਲਸ ਦੇ ਏ. ਐੱਸ. ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਬਿੰਦਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਉਕਤ ਪੰਜਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News