ਬਿਜਲੀ ਵਿਭਾਗ ਦੇ ਨਿਰਮਾਣ ਕਾਰਜ ਦੌਰਾਨ ਨੁਕਸਾਨੀ ਗਈ ਗੈਸ ਪਾਈਪ ਲਾਈਨ, ਵੱਡਾ ਹਾਦਸਾ ਟਲਿਆ
Monday, Oct 21, 2024 - 04:16 AM (IST)
ਟਾਂਡਾ ਉੜਮੁੜ (ਪੰਡਿਤ)- ਐਤਵਾਰ ਦੁਪਹਿਰ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਬਿਜਲੀ ਮਹਿਕਮੇ ਵੱਲੋਂ ਕਰਵਾਏ ਜਾ ਰਹੇ ਕੰਮ ਦੌਰਾਨ ਦਸਮੇਸ਼ ਨਗਰ ਟਾਂਡਾ ਨੇੜੇ ਖੁਦਾਈ ਕਾਰਨ ਅੰਡਰ ਗਰਾਊਂਡ ਗੈਸ ਪਾਈਪ ਲਾਈਨ ਨੁਕਸਾਨੀ ਗਈ, ਜਿਸ ਕਾਰਨ ਵੱਡੀ ਮਾਤਰਾ ਵਿਚ ਪੀ.ਐੱਨ.ਜੀ. ਗੈਸ ਦਾ ਰਿਸਾਅ ਹੋ ਗਿਆ। ਗਨੀਮਤ ਰਹੀ ਕਿ ਸਮਾਂ ਰਹਿੰਦੇ ਗੈਸ ਕੰਪਨੀ ਦੇ ਕਰਮਚਾਰੀਆਂ ਨੇ ਪਾਈਪ ਲਾਈਨ ਦੇ ਵਾਲਵ ਬੰਦ ਕਰ ਕੇ ਲੀਕੇਜ ਬੰਦ ਕਰ ਦਿੱਤੀ।
ਦੁਪਹਿਰ 3 ਵਜੇ ਦੇ ਕਰੀਬ ਗੁਜਰਾਤ ਗੈਸ ਲਿਮਟਿਡ ਵੱਲੋਂ ਟਾਂਡਾ ਤੋਂ ਖੱਖਾਂ ਮੁੱਖ ਸੜਕ ਦੇ ਨਾਲ-ਨਾਲ ਵਿਛਾਈ ਗੈਸ ਪਾਈਪ ਲਾਈਨ ਨੇੜੇ ਬਿਜਲੀ ਵਿਭਾਗ ਲਈ ਪ੍ਰਾਈਵੇਟ ਠੇਕੇਦਾਰ ਦੇ ਕਰਮਚਾਰੀ ਬਿਜਲੀ ਲਾਈਨ ਦੀ ਸ਼ਿਫਟਿੰਗ ਲਈ ਖੰਭੇ ਗੱਡਣ ਲਈ ਜੇ.ਸੀ.ਬੀ. ਮਸ਼ੀਨ ਅਤੇ ਡਰਿੱਲ ਮਸ਼ੀਨ ਨਾਲ ਟੋਏ ਪੁੱਟ ਰਹੇ ਸਨ। ਅਚਾਨਕ ਗੈਸ ਪਾਈਪ ਲਾਈਨ ਨੁਕਸਾਨੀ ਗਈ ਅਤੇ ਵੱਡੀ ਮਾਤਰਾ ਵਿਚ ਗੈਸ ਲੀਕ ਹੋਣੀ ਸ਼ੁਰੂ ਹੋ ਗਈ, ਜੋ ਕਰੀਬ 20 ਤੋਂ 25 ਮਿੰਟ ਤੱਕ ਲੀਕ ਹੁੰਦੀ ਰਹੀ।
ਇਹ ਵੀ ਪੜ੍ਹੋ- ਕੈਦੀ ਔਰਤਾਂ ਨੇ ਜੇਲ੍ਹ 'ਚ ਰੱਖਿਆ ਕਰਵਾਚੌਥ ਦਾ ਵਰਤ, ਸਲਾਖਾਂ 'ਚੋਂ ਚੰਨ ਦੇਖ ਪਤੀ ਦੀ ਲੰਬੀ ਉਮਰ ਦੀ ਕੀਤੀ ਕਾਮਨਾ
ਇਸ ਦੌਰਾਨ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਕੰਪਨੀ ਦੇ ਕਰਮਚਾਰੀਆਂ ਨੇ ਵਾਲਵ ਬੰਦ ਕਰ ਕੇ ਸਪਲਾਈ ਬੰਦ ਕਰ ਦਿੱਤੀ। ਗੈਸ ਕੰਪਨੀ ਦੇ ਏਰੀਆ ਸਾਈਟ ਇੰਜੀਨੀਅਰ ਨਰੇਸ਼ ਸ਼ਰਮਾ ਨੇ ਦੱਸਿਆ ਕਿ ਗੈਸ ਕੰਪਨੀ ਵੱਲੋਂ ਟਾਂਡਾ ਤੋਂ ਖੱਖਾਂ ਤੱਕ ਸੜਕ ਦੇ ਨਾਲ-ਨਾਲ ਦੋਵੇਂ ਪਾਸੇ ਗੈਸ ਪਾਈਪ ਵਿਛਾਈ ਹੋਈ ਹੈ। 200 ਦੇ ਕਰੀਬ ਘਰਾਂ ਨੂੰ ਗੈਸ ਕੁਨੈਕਸ਼ਨ ਇਸ ਲਾਈਨ ਵਿਚੋਂ ਦਿੱਤੇ ਹੋਏ ਹਨ, ਜੋ ਲਗਾਤਾਰ ਚੱਲ ਰਹੇ ਹਨ। ਉਸ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਿਗਰਟ ਬੀੜੀ ਜਾ ਉੱਪਰੋਂ ਲੰਘਦੀਆਂ ਬਿਜਲੀ ਤਾਰਾਂ ਦਾ ਸਪਾਰਕ ਹੋ ਜਾਂਦਾ ਤਾਂ ਲੀਕ ਗੈਸ ਕਾਰਨ ਅੱਗ ਲਗ ਸਕਦੀ ਸੀ।
ਇਹ ਵੀ ਪੜ੍ਹੋ- ਰੇਲਵੇ ਵਿਭਾਗ ਦਾ ਵੱਡਾ ਉਪਰਾਲਾ, ਟਰੇਨਾਂ 'ਚ ਹੁਣ ਜੋੜੇ ਜਾਣਗੇ ਜ਼ਿਆਦਾ ਸੀਟਾਂ ਵਾਲੇ ਡੱਬੇ
ਮੌਕੇ ਤੇ ਪਹੁੰਚੇ ਜੇ.ਈ. ਲਖਵੀਰ ਸਿੰਘ ਨੇ ਆਖਿਆ ਕਿ ਠੇਕੇਦਾਰ ਦੇ ਕਰਮਚਾਰੀਆਂ ਨੂੰ ਨਿਰਮਾਣ ਦੌਰਾਨ ਗੈਸ ਪਾਈਪ ਲਾਈਨ, ਸੀਵਰੇਜ ਅਤੇ ਵਾਟਰ ਸਪਲਾਈ ਲਾਈਨ ਨੂੰ ਨੁਕਸਾਨ ਤੋਂ ਬਚਾਉਣ ਲਈ ਕਿਹਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e